‏ 2 Timothy 2

1ਉਪਰੰਤ ਹੇ ਮੇਰੇ ਪੁੱਤਰ, ਤੂੰ ਉਸ ਕਿਰਪਾ ਨਾਲ ਜੋ ਮਸੀਹ ਯਿਸੂ ਵਿੱਚ ਹੈ ਤਕੜਾ ਹੋ । 2ਅਤੇ ਜਿਹੜੀਆਂ ਗੱਲਾਂ ਤੂੰ ਬਹੁਤਿਆਂ ਗਵਾਹਾਂ ਦੇ ਸਾਹਮਣੇ ਮੇਰੇ ਕੋਲੋਂ ਸੁਣੀਆਂ, ਅਜਿਹਿਆਂ ਵਿਸ਼ਵਾਸਯੋਗ ਮਨੁੱਖਾਂ ਨੂੰ ਸੌਂਪ ਜਿਹੜੇ ਹੋਰਨਾਂ ਨੂੰ ਵੀ ਸਿੱਖਿਆ ਦੇਣ ਯੋਗ ਹੋਣ ।

3ਮਸੀਹ ਯਿਸੂ ਦੇ ਚੰਗੇ ਸਿਪਾਹੀ ਵਾਂਗੂੰ ਮੇਰੇ ਨਾਲ ਦੁੱਖ ਝੱਲ । 4ਕੋਈ ਸਿਪਾਹਗਰੀ ਕਰਦਾ ਹੋਇਆ ਆਪਣੇ ਆਪ ਨੂੰ ਸੰਸਾਰ ਦੇ ਕੰਮਾਂ ਵਿੱਚ ਨਹੀਂ ਫਸਾਉਂਦਾ ਕਿਉਂ ਜੋ ਆਪਣੀ ਭਰਤੀ ਕਰਨ ਵਾਲੇ ਨੂੰ ਪਰਸੰਨ ਕਰੇ । 5ਫੇਰ ਜੇ ਕੋਈ ਮੈਦਾਨ ਵਿੱਚ ਖੇਡੇ ਤਾਂ ਜਦੋਂ ਤੱਕ ਉਹ ਨਿਯਮਾਂ ਅਨੁਸਾਰ ਨਾ ਖੇਡੇ ਉਹ ਨੂੰ ਮੁਕਟ ਨਹੀਂ ਮਿਲਦਾ ।

6ਕਿਸਾਨ ਜਿਹੜਾ ਮਿਹਨਤ ਕਰਦਾ ਹੈ ਪਹਿਲਾਂ ਉਸੇ ਨੂੰ ਫ਼ਸਲ ਵਿੱਚੋਂ ਹਿੱਸਾ ਮਿਲਣਾ ਚਾਹੀਦਾ ਹੈ । 7ਜੋ ਮੈਂ ਆਖਦਾ ਹਾਂ ਉਹ ਦਾ ਧਿਆਨ ਰੱਖ, ਕਿਉਂ ਜੋ ਪ੍ਰਭੂ ਤੈਨੂੰ ਸਾਰੀਆਂ ਗੱਲਾਂ ਦੀ ਸਮਝ ਦੇਵੇਗਾ ।

8ਯਿਸੂ ਮਸੀਹ, ਜਿਹੜਾ ਦਾਊਦ ਦੀ ਪੀਹੜੀ ਵਿੱਚੋਂ ਹੈ, ਜੋ ਮੇਰੀ ਖੁਸ਼ਖਬਰੀ ਦੇ ਅਨੁਸਾਰ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਉਹ ਨੂੰ ਚੇਤੇ ਰੱਖ । 9ਜਿਸ ਦੇ ਲਈ ਮੈਂ ਅਪਰਾਧੀ ਵਾਂਗੂੰ ਬੰਧਨਾਂ ਤੱਕ ਦਾ ਦੁੱਖ ਭੋਗਦਾ ਹਾਂ, ਪਰੰਤੂ ਪਰਮੇਸ਼ੁਰ ਦਾ ਬਚਨ ਬੰਧਨਾਂ ਵਿੱਚ ਨਹੀਂ ਹੈ । 10ਇਸ ਕਾਰਨ ਮੈਂ ਚੁਣਿਆਂ ਹੋਇਆਂ ਲਈ ਸੱਭੋ ਕੁੱਝ ਸਹਿੰਦਾ ਹਾਂ ਕਿ ਉਹ ਵੀ ਉਸ ਮੁਕਤੀ ਨੂੰ ਜਿਹੜੀ ਮਸੀਹ ਯਿਸੂ ਵਿੱਚ ਹੈ, ਸਦੀਪਕ ਮਹਿਮਾ ਨਾਲ ਪ੍ਰਾਪਤ ਕਰਨ ।

11ਇਹ ਬਚਨ ਭਰੋਸੇਵੰਦ ਹੈ ਕਿਉਂਕਿ ਜੇ ਅਸੀਂ ਉਹ ਦੇ ਨਾਲ ਮਰੇ ਤਾਂ ਉਹ ਦੇ ਨਾਲ ਜੀਵਾਂਗੇ ਵੀ । 12ਜੇ ਸਹਿ ਲਈਏ, ਉਹ ਦੇ ਨਾਲ ਰਾਜ ਵੀ ਕਰਾਂਗੇ । ਜੇ ਉਹ ਦਾ ਇਨਕਾਰ ਕਰੀਏ, ਤਾਂ ਉਹ ਵੀ ਸਾਡਾ ਇਨਕਾਰ ਕਰੇਗਾ । 13ਭਾਵੇਂ ਅਸੀਂ ਬੇਵਫ਼ਾ ਹੋਈਏ, ਪਰ ਉਹ ਵਫਾਦਾਰ ਰਹਿੰਦਾ ਹੈ ਕਿਉਂ ਜੋ ਉਹ ਆਪਣਾ ਇਨਕਾਰ ਨਹੀਂ ਕਰ ਸਕਦਾ ।

14ਇਹਨਾਂ ਗੱਲਾਂ ਨਾਲ ਉਹਨਾਂ ਨੂੰ ਚੇਤੇ ਕਰਾ, ਪ੍ਰਭੂ ਨੂੰ ਗਵਾਹ ਕਰਕੇ ਬੇਨਤੀ ਕਰ ਕਿ ਉਹ ਸ਼ਬਦਾਂ ਦਾ ਝਗੜਾ ਨਾ ਕਰਨ, ਜਿਸ ਤੋਂ ਕੁੱਝ ਲਾਭ ਨਹੀਂ ਹੁੰਦਾ ਸਗੋਂ ਸੁਣਨ ਵਾਲਿਆਂ ਦਾ ਵਿਗਾੜ ਹੀ ਹੁੰਦਾ ਹੈ । 15ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਪਰਵਾਨ ਅਤੇ ਅਜਿਹਾ ਕਾਰੀਗਰ ਠਹਿਰਾਉਣ ਦਾ ਜਤਨ ਕਰ ਜਿਸ ਨੂੰ ਲੱਜਿਆਵਾਨ ਨਾ ਹੋਣਾ ਪਵੇ ਅਤੇ ਜਿਹੜਾ ਸਚਿਆਈ ਦੇ ਬਚਨ ਦੀ ਉੱਚਿਤ ਵਿਆਖਿਆ ਕਰਨ ਵਾਲਾ ਹੋਵੇ ।

16ਪਰ ਸੰਸਾਰਕ ਅਤੇ ਵਿਅਰਥ ਬੁੜ ਬੁੜਾਹਟ ਤੋਂ ਲਾਂਭੇ ਰਹਿ ਕਿਉਂ ਜੋ ਇਹ ਲੋਕਾਂ ਨੂੰ ਅਧਰਮ ਦੇ ਰਾਹ ਵਿੱਚ ਅਗਾਹਾਂ ਹੀ ਅਗਾਹਾਂ ਲੈ ਜਾਵੇਗੀ । 17ਅਤੇ ਉਨ੍ਹਾਂ ਦਾ ਬਚਨ ਸੜੇ ਹੋਏ ਜ਼ਖ਼ਮ ਦੀ ਤਰ੍ਹਾਂ ਫੈਲ ਜਾਵੇਗਾ । ਉਹਨਾਂ ਵਿੱਚੋਂ ਹੁਮਿਨਾਯੁਸ ਅਤੇ ਫ਼ਿਲੇਤੁਸ ਹਨ । 18ਉਹ ਇਹ ਕਹਿ ਕੇ ਭਈ ਮੁਰਦਿਆਂ ਦਾ ਜੀ ਉੱਠਣਾ ਹੋ ਚੁੱਕਾ ਹੈ ਸਚਿਆਈ ਦੇ ਰਾਹੋਂ ਖੁੰਝ ਗਏ ਅਤੇ ਕਈਆਂ ਦੀ ਵਿਸ਼ਵਾਸ ਨੂੰ ਵਿਗਾੜਦੇ ਹਨ ।

19ਫਿਰ ਵੀ ਪਰਮੇਸ਼ੁਰ ਦੀ ਧਰੀ ਹੋਈ ਪੱਕੀ ਨੀਂਹ ਅਟੱਲ ਰਹਿੰਦੀ ਹੈ ਜਿਹ ਦੇ ਉੱਤੇ ਇਹ ਮੋਹਰ ਲੱਗੀ ਹੋਈ ਹੈ ਭਈ ਪ੍ਰਭੂ ਆਪਣਿਆਂ ਨੂੰ ਜਾਣਦਾ ਹੈ, ਨਾਲੇ ਇਹ ਕਿ ਹਰੇਕ ਜਿਹੜਾ ਪ੍ਰਭੂ ਦਾ ਨਾਮ ਲੈਂਦਾ ਹੈ ਕੁਧਰਮ ਤੋਂ ਅਲੱਗ ਰਹੇ । 20ਵੱਡੇ ਘਰ ਵਿੱਚ ਸੋਨੇ ਚਾਂਦੀ ਦੇ ਹੀ ਭਾਂਡੇ ਨਹੀਂ ਸਗੋਂ ਕਾਠ ਅਤੇ ਮਿੱਟੀ ਦੇ ਵੀ ਹੁੰਦੇ ਹਨ ਅਤੇ ਕਈ ਆਦਰ ਦੇ ਅਤੇ ਕਈ ਨਿਰਾਦਰ ਦੇ ਕੰਮ ਲਈ ਹੁੰਦੇ ਹਨ । 21ਸੋ ਜੇ ਕੋਈ ਆਪਣੇ ਆਪ ਨੂੰ ਇੰਨ੍ਹਾਂ ਤੋਂ ਸ਼ੁੱਧ ਕਰੇ ਤਾਂ ਉਹ ਆਦਰ ਦੇ ਕੰਮ ਲਈ ਪਵਿੱਤਰ ਕੀਤਾ ਹੋਇਆ, ਮਾਲਕ ਦੇ ਵਰਤਣ ਯੋਗ, ਅਤੇ ਹਰੇਕ ਚੰਗੇ ਕੰਮ ਲਈ ਤਿਆਰ ਕੀਤਾ ਹੋਇਆ ਭਾਂਡਾ ਹੋਵੇਗਾ ।

22ਪਰ ਜੁਆਨੀ ਦੀਆਂ ਕਾਮਨਾਂ ਤੋਂ ਭੱਜ ਅਤੇ ਜਿਹੜੇ ਸਾਫ਼ ਦਿਲ ਤੋਂ ਪ੍ਰਭੂ ਦਾ ਨਾਮ ਲੈਂਦੇ ਹਨ ਉਨ੍ਹਾਂ ਨਾਲ ਧਰਮ, ਵਿਸ਼ਵਾਸ, ਪਿਆਰ ਅਤੇ ਮਿਲਾਪ ਦੇ ਮਗਰ ਲੱਗਾ ਰਹਿ । 23ਪਰ ਮੂਰਖਪੁਣੇ ਅਤੇ ਬੇਵਕੂਫ਼ੀ ਦਿਆਂ ਪ੍ਰਸ਼ਨਾਂ ਵੱਲੋਂ ਮੂੰਹ ਮੋੜ ਕਿਉਂ ਜੋ ਤੂੰ ਜਾਣਦਾ ਹੈਂ, ਕਿ ਉਨ੍ਹਾਂ ਤੋਂ ਝਗੜੇ ਪੈਦਾ ਹੁੰਦੇ ਹਨ ।

24ਅਤੇ ਪ੍ਰਭੂ ਦਾ ਦਾਸ ਝਗੜਾਲੂ ਨਾ ਹੋਵੇ ਸਗੋਂ ਸਭਨਾਂ ਨਾਲ ਦਿਆਲੂ, ਸਿੱਖਿਆ ਦੇਣ ਯੋਗ ਅਤੇ ਸਬਰ ਕਰਨ ਵਾਲਾ ਹੋਵੇ । 25ਅਤੇ ਜਿਹੜੇ ਵਿਰੋਧ ਕਰਦੇ ਹਨ ਉਹਨਾਂ ਨੂੰ ਨਰਮਾਈ ਨਾਲ ਤਾੜਨਾ ਕਰੇ ਭਈ ਕੀ ਜਾਣੀਏ ਜੋ ਪਰਮੇਸ਼ੁਰ ਉਹਨਾਂ ਨੂੰ ਤੌਬਾ ਕਰਨੀ ਬਖਸ਼ੇ ਕਿ ਉਹ ਸੱਚ ਦੇ ਗਿਆਨ ਨੂੰ ਪ੍ਰਾਪਤ ਕਰਨ । ਸੁਚੇਤ ਹੋ ਕੇ ਸ਼ੈਤਾਨ ਦੀ ਫਾਹੀ ਵਿੱਚੋਂ ਬਚ ਨਿੱਕਲਣ, ਜਿਹਨੇ ਉਹਨਾਂ ਨੂੰ ਆਪਣੀ ਇੱਛਾ ਪੂਰੀ ਕਰਨ ਦੇ ਲਈ ਬੰਧੀ ਬਣਾਇਆ ਹੈ ।

26

Copyright information for PanULB