Acts 14
1ਇਕੋਨਿਯੁਮ ਵਿੱਚ ਇਸ ਤਰ੍ਹਾਂ ਹੋਇਆ ਕਿ ਉਹ ਯਹੂਦੀਆਂ ਦੇ ਪ੍ਰਾਰਥਨਾ ਘਰ ਵਿੱਚ ਗਏ ਅਤੇ ਅਜਿਹਾ ਬਚਨ ਸੁਣਾਇਆ ਜੋ ਯਹੂਦੀਆਂ ਅਤੇ ਯੂਨਾਨੀਆਂ ਵਿੱਚੋਂ ਬਹੁਤ ਲੋਕਾਂ ਨੇ ਵਿਸ਼ਵਾਸ ਕੀਤਾ । 2ਪਰ ਉਨ੍ਹਾਂ ਯਹੂਦੀਆਂ ਨੇ ਜਿਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ ਸੀ, ਪਰਾਈਆਂ ਕੌਮਾਂ ਦੇ ਲੋਕਾਂ ਦੇ ਮਨਾਂ ਨੂੰ ਭਰਮਾ ਕੇ, ਭਰਾਵਾਂ ਦੀ ਵੱਲੋਂ ਬੁਰਾ ਪਵਾ ਦਿੱਤਾ । 3ਉਹ ਬਹੁਤ ਦਿਨ ਉੱਥੇ ਠਹਿਰੇ ਅਤੇ ਪ੍ਰਭੂ ਦੇ ਆਸਰੇ, ਨਿਡਰ ਉਪਦੇਸ਼ ਕਰਦੇ ਰਹੇ ਅਤੇ ਉਹ ਉਨ੍ਹਾਂ ਦੇ ਹੱਥੀਂ ਨਿਸ਼ਾਨ ਅਤੇ ਅਚਰਜ ਕੰਮ ਵਿਖਾ ਕੇ ਆਪਣੀ ਕਿਰਪਾ ਦੇ ਬਚਨ ਉੱਤੇ ਗਵਾਹੀ ਦਿੰਦਾ ਰਿਹਾ । 4ਪਰ ਨਗਰ ਦੇ ਲੋਕਾਂ ਵਿੱਚ ਫੁੱਟ ਪੈ ਗਈ ਅਤੇ ਕੁੱਝ ਯਹੂਦੀਆਂ ਦੀ ਵੱਲ ਅਤੇ ਕੁੱਝ ਰਸੂਲਾਂ ਦੀ ਵੱਲ ਹੋ ਗਏ । 5ਜਦੋਂ ਪਰਾਈਆਂ ਕੌਮਾਂ ਦੇ ਲੋਕਾਂ ਅਤੇ ਯਹੂਦੀਆਂ ਨੇ ਆਪਣੇ ਅਧਿਕਾਰੀਆਂ ਦੇ ਨਾਲ ਉਨ੍ਹਾਂ ਦੀ ਬੇਇੱਜ਼ਤੀ ਅਤੇ ਪਥਰਾਉ ਕਰਨ ਨੂੰ ਹੱਲਾ ਕੀਤਾ । 6ਤਾਂ ਉਹ ਇਸ ਗੱਲ ਜਾਣ ਕੇ, ਲੁਕਾਉਨਿਯਾ ਨਗਰ ਲੁਸਤ੍ਰਾ, ਦਰਬੇ ਅਤੇ ਉਨ੍ਹਾਂ ਦੇ ਨੇੜੇ ਦੇ ਇਲਾਕੇ ਵਿੱਚ ਭੱਜ ਗਏ । 7ਤੇ ਉੱਥੇ ਖੁਸ਼ਖਬਰੀ ਸੁਣਾਉਂਦੇ ਰਹੇ । 8ਲੁਸਤ੍ਰਾ ਵਿੱਚ ਇੱਕ ਮਨੁੱਖ ਪੈਰਾਂ ਤੋਂ ਨਿਰਬਲ ਬੈਠਾ ਸੀ ਜਿਹੜਾ ਜਮਾਂਦਰੂ ਲੰਗੜਾ ਸੀ ਅਤੇ ਕਦੇ ਤੁਰਿਆ ਨਹੀਂ ਸੀ । 9ਉਸ ਨੇ ਪੌਲੁਸ ਨੂੰ ਗੱਲਾਂ ਕਰਦਾ ਸੁਣਿਆ ਅਤੇ ਇਸ ਨੇ ਉਹ ਦੀ ਵੱਲ ਧਿਆਨ ਕਰ ਕੇ ਵੇਖਿਆ ਕਿ ਇਹ ਦੇ ਵਿੱਚ ਚੰਗਾ ਹੋਣ ਦਾ ਵਿਸ਼ਵਾਸ ਹੈ । 10ਤਾਂ ਉੱਚੀ ਅਵਾਜ਼ ਨਾਲ ਬੋਲਿਆ ਕਿ ਆਪਣੇ ਪੈਰਾਂ ਉੱਤੇ ਸਿੱਧਾ ਖੜ੍ਹਾ ਹੋ ! ਤਦ ਉਹ ਉਸੇ ਵੇਲੇ ਖੜ੍ਹਾ ਹੋਇਆ ਅਤੇ ਤੁਰਨ ਲੱਗ ਪਿਆ । 11ਜਦੋਂ ਉਹਨਾਂ ਲੋਕਾਂ ਨੇ ਵੇਖਿਆ, ਜੋ ਕੁੱਝ ਪੌਲੁਸ ਨੇ ਕੀਤਾ ਸੀ, ਤਦ ਉਹ ਲੁਕਾਉਨਿਯਾ ਦੀ ਬੋਲੀ ਵਿੱਚ ਉੱਚੀ ਅਵਾਜ਼ ਨਾਲ ਆਖਣ ਲੱਗੇ ਕਿ ਦੇਵਤਾ ਮਨੁੱਖ ਦਾ ਰੂਪ ਧਾਰ ਕੇ ਸਾਡੇ ਕੋਲ ਉੱਤਰਿਆ ਹੈ ! 12ਅਤੇ ਉਨ੍ਹਾਂ ਨੇ ਬਰਨਬਾਸ ਦਾ ਨਾਮ ਜਿਓਸ ਅਤੇ ਪੌਲੁਸ ਦਾ ਨਾਮ ਹਰਮੇਸ ਰੱਖਿਆ, ਇਸ ਲਈ ਜੋ ਉਹ ਬਚਨ ਕਰਨ ਵਿੱਚ ਆਗੂ ਸੀ । 13ਜਿਓਸ ਦਾ ਮੰਦਿਰ ਨਗਰ ਦੇ ਸਾਹਮਣੇ ਸੀ ਅਤੇ ਮੰਦਿਰ ਦਾ ਪੁਜਾਰੀ ਬਲਦ ਅਤੇ ਫੁੱਲਾਂ ਦੇ ਹਾਰ ਲੈ ਕੇ ਫਾਟਕਾਂ ਕੋਲ ਆ ਕੇ, ਇਹ ਚਾਹੁੰਦਾ ਸੀ ਕਿ ਲੋਕਾਂ ਦੇ ਨਾਲ ਮਿਲ ਕੇ ਬਲੀਦਾਨ ਕਰੇ । 14ਪਰ ਜਦੋਂ ਬਰਨਬਾਸ ਅਤੇ ਪੌਲੁਸ ਰਸੂਲਾਂ ਨੇ ਇਹ ਸੁਣਿਆ, ਤਾਂ ਆਪਣੇ ਕੱਪੜੇ ਪਾੜੇ ਅਤੇ ਲੋਕਾਂ ਦੇ ਵਿੱਚੋਂ ਬਾਹਰ ਨੂੰ ਦੌੜੇ । 15ਅਤੇ ਇਹ ਕਹਿਣ ਲੱਗੇ ਕਿ ਹੇ ਪੁਰਖੋ, ਤੁਸੀਂ ਇਹ ਕੀ ਕਰਦੇ ਹੋ ? ਅਸੀਂ ਵੀ ਤੁਹਾਡੇ ਵਾਂਗੂੰ ਦੁੱਖ-ਸੁੱਖ ਭੋਗਣ ਵਾਲੇ ਮਨੁੱਖ ਹਾਂ, ਅਤੇ ਤੁਹਾਨੂੰ ਇਹ ਖੁਸ਼ਖਬਰੀ ਦਾ ਉਪਦੇਸ਼ ਦਿੰਦੇ ਹਾਂ ਕਿ ਇਨ੍ਹਾਂ ਵਿਅਰਥ ਗੱਲਾਂ ਨੂੰ ਛੱਡ ਕੇ, ਜਿਉਂਦੇ ਪਰਮੇਸ਼ੁਰ ਦੀ ਵੱਲ ਮੁੜੋ ਜਿਸ ਨੇ ਅਕਾਸ਼, ਧਰਤੀ, ਸਮੁੰਦਰ ਅਤੇ ਸਭ ਕੁੱਝ ਜੋ ਉਨ੍ਹਾਂ ਦੇ ਵਿੱਚ ਹੈ ਬਣਾਇਆ । 16ਉਸ ਨੇ ਪਹਿਲੇ ਸਮਿਆਂ ਵਿੱਚ ਸਾਰੀਆਂ ਕੌਮਾਂ ਨੂੰ ਆਪੋ ਆਪਣੇ ਰਾਹ ਉੱਤੇ ਚੱਲਣ ਦਿੱਤਾ । 17ਤਾਂ ਵੀ ਉਹ ਨੇ ਆਪ ਨੂੰ ਬਿਨ੍ਹਾਂ ਗਵਾਹੀ ਨਾ ਰੱਖਿਆ, ਇਸ ਲਈ ਜੋ ਉਹ ਨੇ ਭਲਾ ਕੀਤਾ ਅਤੇ ਅਕਾਸ਼ ਤੋਂ ਵਰਖਾ ਅਤੇ ਫਲ ਦੇਣ ਵਾਲੀਆਂ ਰੁੱਤਾਂ ਤੁਹਾਨੂੰ ਦੇ ਕੇ ਤੁਹਾਡਿਆਂ ਮਨਾਂ ਨੂੰ ਭੋਜਨ ਅਤੇ ਅਨੰਦ ਨਾਲ ਭਰਪੂਰ ਕੀਤਾ । 18ਇਹ ਗੱਲਾਂ ਕਹਿ ਕੇ ਉਨ੍ਹਾਂ ਨੇ ਮੁਸ਼ਕਿਲ ਨਾਲ ਲੋਕਾਂ ਨੂੰ ਰੋਕਿਆ, ਕਿ ਉਨ੍ਹਾਂ ਦੇ ਲਈ ਬਲੀਦਾਨ ਨਾ ਕਰਨ । 19ਪਰੰਤੂ ਕਈ ਯਹੂਦੀ ਅੰਤਾਕਿਯਾ ਅਤੇ ਇਕੋਨਿਯੁਮ ਤੋਂ ਉੱਥੇ ਆਏ, ਲੋਕਾਂ ਨੂੰ ਭਰਮਾ ਕੇ ਪੌਲੁਸ ਉੱਤੇ ਪਥਰਾਉ ਕੀਤਾ ਅਤੇ ਇਹ ਸਮਝ ਕੇ ਉਹ ਮਰ ਗਿਆ ਹੈ ਉਹ ਨੂੰ ਘਸੀਟ ਕੇ ਨਗਰੋਂ ਬਾਹਰ ਲੈ ਗਏ । 20ਪਰ ਜਦੋਂ ਚੇਲੇ ਉਹ ਦੇ ਚਾਰੇ ਪਾਸੇ ਇਕੱਠੇ ਹੋਏ ਤਾਂ ਉਹ ਉੱਠ ਕੇ ਨਗਰ ਵਿੱਚ ਆਇਆ ਅਤੇ ਅਗਲੇ ਦਿਨ ਬਰਨਬਾਸ ਦੇ ਨਾਲ ਦਰਬੇ ਨੂੰ ਚੱਲਿਆ ਗਿਆ । 21ਅਤੇ ਜਦੋਂ ਉਸ ਨਗਰ ਵਿੱਚ ਖੁਸ਼ਖਬਰੀ ਸੁਣਾ ਚੁੱਕੇ, ਅਤੇ ਬਹੁਤ ਸਾਰਿਆਂ ਨੂੰ ਚੇਲੇ ਬਣਾਇਆ ਤਾਂ ਲੁਸਤ੍ਰਾ, ਇਕੁਨਿਯੁਮ ਅਤੇ ਅੰਤਾਕਿਯਾ ਨੂੰ ਮੁੜੇ । 22ਅਤੇ ਚੇਲਿਆਂ ਦੇ ਮਨਾਂ ਨੂੰ ਤਕੜੇ ਕਰਦੇ ਅਤੇ ਇਹ ਉਪਦੇਸ਼ ਦਿੰਦੇ ਸਨ ਕਿ ਵਿਸ਼ਵਾਸ ਵਿੱਚ ਬਣੇ ਰਹੋ ਅਤੇ ਕਿਹਾ ਕਿ ਅਸੀਂ ਬਹੁਤ ਮੁਸ਼ਕਲਾਂ ਨੂੰ ਸਹਿ ਕੇ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਹੈ । 23ਜਦੋਂ ਉਨ੍ਹਾਂ ਨੇ ਹਰੇਕ ਕਲੀਸਿਯਾ ਵਿੱਚ ਉਨ੍ਹਾਂ ਦੇ ਲਈ ਬਜ਼ੁਰਗ ਠਹਿਰਾਏ, ਅਤੇ ਵਰਤ ਰੱਖ ਕੇ ਪ੍ਰਾਰਥਨਾ ਕੀਤੀ ਤਾਂ ਉਹਨਾਂ ਨੂੰ ਪ੍ਰਭੂ ਦੇ ਹੱਥ ਸੌਂਪ ਦਿੱਤਾ, ਜਿਸ ਦੇ ਉੱਤੇ ਉਹਨਾਂ ਵਿਸ਼ਵਾਸ ਕੀਤਾ ਸੀ । 24ਤਾਂ ਉਹ ਪਿਸਿਦਿਯਾ ਵਿੱਚੋਂ ਦੀ ਲੰਘ ਕੇ ਪੰਫ਼ੁਲਿਯਾ ਵਿੱਚ ਆਏ । 25ਅਤੇ ਪਰਗਾ ਵਿੱਚ ਬਚਨ ਸੁਣਾ ਕੇ ਅੰਤਾਕਿਯਾ ਨੂੰ ਆਏ । 26ਉੱਥੋਂ ਜਹਾਜ਼ ਤੇ ਚੜ੍ਹ ਕੇ ਅੰਤਾਕਿਯਾ ਨੂੰ ਚੱਲੇ, ਜਿੱਥੋਂ ਉਹ ਉਸ ਕੰਮ ਦੇ ਲਈ ਜੋ ਉਨ੍ਹਾਂ ਨੇ ਹੁਣ ਪੂਰਾ ਕੀਤਾ, ਪਰਮੇਸ਼ੁਰ ਦੀ ਕਿਰਪਾ ਉੱਤੇ ਸੌਂਪੇ ਗਏ ਸਨ । 27ਜਦੋਂ ਉਹ ਉੱਥੇ ਪਹੁੰਚੇ ਤਾਂ ਕਲੀਸਿਯਾ ਨੂੰ ਇਕੱਠੇ ਕਰ ਕੇ ਖ਼ਬਰ ਦਿੱਤੀ, ਪਰਮੇਸ਼ੁਰ ਨੇ ਸਾਡੇ ਨਾਲ ਹੋ ਕੇ ਕਿੰਨੇ ਵੱਡੇ-ਵੱਡੇ ਕੰਮ ਕੀਤੇ ਅਤੇ ਪਰਾਈਆਂ ਕੌਮਾਂ ਦੇ ਲਈ ਵਿਸ਼ਵਾਸ ਦਾ ਦਰਵਾਜ਼ਾ ਖੋਲ੍ਹਿਆ । ਤਾਂ ਉਹ ਚੇਲਿਆਂ ਦੇ ਨਾਲ ਬਹੁਤ ਸਮੇਂ ਤੱਕ ਰਹੇ । 28
Copyright information for
PanULB