Acts 25
1ਉਪਰੰਤ ਫ਼ੇਸਤੁਸ ਉਸ ਸੂਬੇ ਵਿੱਚ ਪਹੁੰਚ ਕੇ ਤਿੰਨਾਂ ਦਿਨਾਂ ਦੇ ਮਗਰੋਂ ਕੈਸਰਿਯਾ ਤੋਂ ਯਰੂਸ਼ਲਮ ਨੂੰ ਗਿਆ । 2ਤਦ ਮੁੱਖ ਜਾਜਕਾਂ ਅਤੇ ਯਹੂਦੀਆਂ ਦੇ ਅਧਿਕਾਰੀਆਂ ਨੇ ਪੌਲੁਸ ਦੇ ਵਿਰੁੱਧ ਉਹ ਦੇ ਕੰਨ ਭਰੇ । 3ਅਤੇ ਉਸ ਦੀਆਂ ਮਿੰਨਤਾਂ ਕਰ ਕੇ ਕਿਹਾ ਜੋ ਉਹ ਨੂੰ ਯਰੂਸ਼ਲਮ ਵਿੱਚ ਬੁਲਾਵੇ ਅਤੇ ਸਾਜਿਸ਼ ਬਣਾਈ, ਜੋ ਉਹ ਨੂੰ ਰਸਤੇ ਵਿੱਚ ਹੀ ਮਾਰ ਸੁੱਟਣ । 4ਉਪਰੰਤ ਫ਼ੇਸਤੁਸ ਨੇ ਉੱਤਰ ਦਿੱਤਾ ਜੋ ਪੌਲੁਸ ਕੈਸਰਿਯਾ ਵਿੱਚ ਨਜ਼ਰਬੰਦ ਹੈ ਅਤੇ ਮੈਂ ਆਪ ਉੱਥੇ ਜਲਦੀ ਜਾਣ ਨੂੰ ਤਿਆਰ ਹਾਂ । 5ਫੇਰ ਬੋਲਿਆ, ਜਿਹੜੇ ਤੁਹਾਡੇ ਵਿੱਚੋਂ ਆਗੂ ਹੋਣ ਉਹ ਮੇਰੇ ਨਾਲ ਚੱਲਣ ਅਤੇ ਜੇ ਉਸ ਵਿੱਚ ਕੋਈ ਔਗੁਣ ਹੋਵੇ ਤਾਂ ਉਹ ਦੇ ਉੱਤੇ ਦੋਸ਼ ਸਾਬਤ ਕਰਨ । 6ਉਹ ਉਨ੍ਹਾਂ ਵਿੱਚ ਕੋਈ ਅੱਠ ਦਸ ਦਿਨ ਰਹਿ ਕੇ ਕੈਸਰਿਯਾ ਨੂੰ ਗਿਆ ਅਤੇ ਅਗਲੇ ਦਿਨ ਅਦਾਲਤ ਦੀ ਗੱਦੀ ਉੱਤੇ ਬੈਠ ਕੇ ਹੁਕਮ ਦਿੱਤਾ ਜੋ ਪੌਲੁਸ ਨੂੰ ਲਿਆਉਣ । 7ਜਦੋਂ ਉਹ ਹਾਜ਼ਰ ਹੋਇਆ ਤਾਂ ਯਹੂਦੀ ਜਿਹੜੇ ਯਰੂਸ਼ਲਮ ਤੋਂ ਆਏ ਸਨ ਉਹ ਦੇ ਆਲੇ-ਦੁਆਲੇ ਖੜੇ ਹੋ ਕੇ ਉਸ ਉੱਤੇ ਬਹੁਤ ਸਾਰੇ ਦੋਸ਼ ਲਾਉਣ ਲੱਗੇ ਜਿਨ੍ਹਾਂ ਨੂੰ ਸਾਬਤ ਨਾ ਕਰ ਸਕੇ । 8ਪਰ ਪੌਲੁਸ ਨੇ ਆਪਣੀ ਸਫ਼ਾਈ ਵਿੱਚ ਕਿਹਾ ਕਿ ਨਾ ਤਾਂ ਮੈਂ ਯਹੂਦੀਆਂ ਦੀ ਬਿਵਸਥਾ ਦਾ, ਨਾ ਹੈਕਲ ਦਾ, ਨਾ ਕੈਸਰ ਦਾ ਕੁੱਝ ਵਿਗਾੜਿਆ ਹੈ । 9ਪਰ ਫ਼ੇਸਤੁਸ ਨੇ ਜੋ ਚਾਹੁੰਦਾ ਸੀ ਕਿ ਯਹੂਦੀਆਂ ਨੂੰ ਪਰਸੰਨ ਕਰੇ ਅੱਗੋਂ ਪੌਲੁਸ ਨੂੰ ਆਖਿਆ, ਕੀ ਤੂੰ ਯਰੂਸ਼ਲਮ ਵਿੱਚ ਜਾਣਾ ਚਾਹੁੰਦਾ ਹੈਂ ਕਿ ਉੱਥੇ ਮੇਰੇ ਅੱਗੇ ਇਨ੍ਹਾਂ ਗੱਲਾਂ ਬਾਰੇ ਤੇਰਾ ਨਿਆਂ ਕੀਤਾ ਜਾਵੇ ? 10ਪੌਲੁਸ ਨੇ ਕਿਹਾ, ਮੈਂ ਕੈਸਰੀ ਅਦਾਲਤ ਦੀ ਗੱਦੀ ਦੇ ਅੱਗੇ ਖੜ੍ਹਾ ਹਾਂ । ਚਾਹੀਦਾ ਹੈ ਕਿ ਮੇਰਾ ਨਿਆਂ ਇੱਥੇ ਹੀ ਹੋਵੇ । ਯਹੂਦੀਆਂ ਦੇ ਨਾਲ ਮੈਂ ਕੁੱਝ ਵੀ ਗਲਤ ਨਹੀਂ ਕੀਤਾ ਜਿਵੇਂ ਕਿ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ । 11ਸੋ ਜੇ ਮੈਂ ਕੁੱਝ ਗਲਤ ਕੀਤਾ ਅਤੇ ਕਤਲ ਦੇ ਲਾਇਕ ਕੋਈ ਕੰਮ ਕੀਤਾ ਹੋਵੇ ਤਾਂ ਮੈਂ ਕਤਲ ਹੋਣ ਵਿੱਚ ਕੋਈ ਇਨਕਾਰ ਨਹੀਂ ਕਰਦਾ ਪਰ ਜੇ ਉਨ੍ਹਾਂ ਗੱਲਾਂ ਵਿੱਚੋਂ ਕੁੱਝ ਵੀ ਸਾਬਤ ਨਾ ਹੋਵੇ ਜਿਨ੍ਹਾਂ ਦਾ ਇਹ ਮੇਰੇ ਉੱਤੇ ਦੋਸ਼ ਲਾਉਂਦੇ ਹਨ ਤਾਂ ਕਿਸੇ ਦੀ ਹਿੰਮਤ ਨਹੀਂ ਜੋ ਮੈਨੂੰ ਉਨ੍ਹਾਂ ਦੇ ਹਵਾਲੇ ਕਰੇ । ਮੈਂ ਕੈਸਰ ਦੀ ਦੁਹਾਈ ਦਿੰਦਾ ਹਾਂ ! 12ਤਦ ਫ਼ੇਸਤੁਸ ਨੇ ਸਲਾਹਕਾਰਾਂ ਨਾਲ ਗੱਲ ਕਰ ਕੇ ਉੱਤਰ ਦਿੱਤਾ ਕਿ ਤੂੰ ਕੈਸਰ ਦੀ ਦੁਹਾਈ ਦਿੱਤੀ ਹੈ, ਤੂੰ ਕੈਸਰ ਹੀ ਦੇ ਕੋਲ ਜਾਏਂਗਾ ! 13ਕੁੱਝ ਦਿਨਾਂ ਬਾਅਦ, ਰਾਜਾ ਅਗ੍ਰਿੱਪਾ ਅਤੇ ਬਰਨੀਕੇ ਕੈਸਰਿਯਾ ਵਿੱਚ ਫ਼ੇਸਤੁਸ ਨੂੰ ਮਿਲਣ ਲਈ ਆਏ । 14ਅਤੇ ਜਦੋਂ ਉਹ ਉੱਥੇ ਕਈ ਦਿਨ ਰਹੇ ਤਾਂ ਫ਼ੇਸਤੁਸ ਨੇ ਪੌਲੁਸ ਦੀ ਕਹਾਣੀ ਰਾਜੇ ਨੂੰ ਸੁਣਾ ਕੇ ਕਿਹਾ ਜੋ ਇੱਕ ਮਨੁੱਖ ਹੈ ਜਿਹ ਨੂੰ ਫ਼ੇਲਿਕਸ ਕੈਦ ਵਿੱਚ ਛੱਡ ਗਿਆ । 15ਅਤੇ ਜਦੋਂ ਮੈਂ ਯਰੂਸ਼ਲਮ ਵਿੱਚ ਸੀ ਤਾਂ ਮੁੱਖ ਜਾਜਕਾਂ ਅਤੇ ਯਹੂਦੀਆਂ ਦੇ ਬਜ਼ੁਰਗਾਂ ਨੇ ਉਹ ਦੇ ਬਾਰੇ ਮੈਨੂੰ ਗੱਲਾਂ ਦੱਸੀਆਂ ਅਤੇ ਬੇਨਤੀ ਕੀਤੀ ਜੋ ਉਸ ਤੇ ਸਜ਼ਾ ਦਾ ਹੁਕਮ ਹੋਵੇ । 16ਉਨ੍ਹਾਂ ਨੂੰ ਮੈਂ ਇਹ ਉੱਤਰ ਦਿੱਤਾ ਕਿ ਰੋਮੀਆਂ ਦਾ ਕਨੂੰਨ ਨਹੀਂ ਹੈ ਜੋ ਕਿਸੇ ਮਨੁੱਖ ਨੂੰ ਹਵਾਲੇ ਕਰਨ ਜਿਨ੍ਹਾਂ ਚਿਰ ਆਪਣੇ ਦੋਸ਼ ਲਗਾਉਣ ਵਾਲਿਆਂ ਦੇ ਸਾਹਮਣੇ ਸਫ਼ਾਈ ਦੇਣ ਦਾ ਮੌਕਾ ਨਾ ਪਾਵੇ । 17ਸੋ ਜਦੋਂ ਉਹ ਇੱਥੇ ਇਕੱਠੇ ਹੋਏ ਤਾਂ ਮੈਂ ਬਿਨ੍ਹਾਂ ਕੁੱਝ ਦੇਰ ਕੀਤੇ ਅਗਲੇ ਦਿਨ ਅਦਾਲਤ ਦੀ ਗੱਦੀ ਤੇ ਬੈਠ ਕੇ ਹੁਕਮ ਦਿੱਤਾ ਜੋ ਉਸ ਮਨੁੱਖ ਨੂੰ ਹਾਜ਼ਰ ਕਰਨ । 18ਪਰ ਜਦੋਂ ਉਹ ਦੇ ਉੱਤੇ ਦੋਸ਼ ਲਗਾਉਣ ਵਾਲੇ ਖੜੇ ਹੋਏ ਤਾਂ ਉਨ੍ਹਾਂ ਨੇ ਇਹੋ ਜਿਹੀ ਕੋਈ ਬੁਰੀ ਗੱਲ ਉਹ ਦੇ ਬਾਰੇ ਆਖੀ ਜਿਹੀ ਮੈਂ ਸਮਝਦਾ ਸੀ । 19ਪਰ ਉਹ ਆਪਣੀ ਦੇਵਪੂਜਾ ਬਾਰੇ ਅਤੇ ਕਿਸੇ ਯਿਸੂ ਦੇ ਵਿਖੇ ਜੋ ਮਰ ਚੁੱਕਿਆ ਪਰ ਪੌਲੁਸ ਆਖਦਾ ਕਿ ਉਹ ਤਾਂ ਜਿਉਂਦਾ ਹੈ ਉਸ ਨਾਲ ਝਗੜਾ ਕਰਦੇ ਸਨ । 20ਜਦੋਂ ਮੈਂ ਦੁਬਧਾ ਵਿੱਚ ਪਿਆ ਕਿ ਇਨ੍ਹਾਂ ਗੱਲਾਂ ਦਾ ਕਿਵੇਂ ਨਿਬੇੜਾ ਕਰਾਂ ਤਾਂ ਮੈਂ ਪੁੱਛਿਆ, ਤੂੰ ਯਰੂਸ਼ਲਮ ਵਿੱਚ ਜਾਣ ਲਈ ਸਹਿਮਤ ਹੈਂ ਜੋ ਉੱਥੇ ਇਨ੍ਹਾਂ ਗੱਲਾਂ ਦੇ ਬਾਰੇ ਤੇਰਾ ਨਿਆਂ ਹੋਵੇ ? 21ਪਰ ਜਦੋਂ ਪੌਲੁਸ ਨੇ ਦੁਹਾਈ ਦਿੱਤੀ ਜੋ ਮੇਰਾ ਨਿਆਂ ਪਾਤਸ਼ਾਹ ਦੀ ਅਦਾਲਤ ਉੱਤੇ ਰਹਿਣ ਦਿਓ ਤਾਂ ਮੈਂ ਹੁਕਮ ਦਿੱਤਾ ਜੋ ਉਹ ਨਜ਼ਰਬੰਦ ਰਹੇ ਜਦੋਂ ਤੱਕ ਮੈਂ ਉਹ ਨੂੰ ਕੈਸਰ ਕੋਲ ਨਾ ਭੇਜਾਂ । 22ਉਪਰੰਤ ਅਗ੍ਰਿੱਪਾ ਨੇ ਫ਼ੇਸਤੁਸ ਨੂੰ ਕਿਹਾ ਕਿ ਮੈਂ ਆਪ ਵੀ ਉਸ ਮਨੁੱਖ ਨੂੰ ਸੁਣਨਾ ਚਾਹੁੰਦਾ ਹਾਂ । ਉਹ ਬੋਲਿਆ, ਤੂੰ ਕੱਲ ਉਹ ਦੀ ਸੁਣ ਲਵੀਂ । 23ਸੋ ਦੂਜੇ ਦਿਨ ਜਦੋਂ ਅਗ੍ਰਿੱਪਾ ਅਤੇ ਬਰਨੀਕੇ ਵੱਡੀ ਧੂਮ-ਧਾਮ ਨਾਲ ਆਏ ਅਤੇ ਫੌਜ ਦੇ ਸਰਦਾਰਾਂ ਅਤੇ ਸ਼ਹਿਰ ਦੇ ਉੱਤਮ ਲੋਕਾਂ ਨਾਲ ਕਚਿਹਰੀ ਵਿੱਚ ਜਾ ਵੜੇ ਤਾਂ ਫ਼ੇਸਤੁਸ ਦੇ ਹੁਕਮ ਨਾਲ ਪੌਲੁਸ ਨੂੰ ਲਿਆਏ । 24ਤਦ ਫ਼ੇਸਤੁਸ ਨੇ ਆਖਿਆ, ਹੇ ਰਾਜਾ ਅਗ੍ਰਿੱਪਾ ਅਤੇ ਸਭ ਲੋਕੋ ਜਿਹੜੇ ਇੱਥੇ ਸਾਡੇ ਨਾਲ ਹਾਜ਼ਰ ਹੋ, ਤੁਸੀਂ ਇਸ ਮਨੁੱਖ ਨੂੰ ਵੇਖਦੇ ਹੋ ਜਿਹ ਦੇ ਕਾਰਨ ਯਹੂਦੀਆਂ ਦੇ ਸਾਰੇ ਲੋਕ ਯਰੂਸ਼ਲਮ ਵਿੱਚ ਅਤੇ ਇੱਥੇ ਵੀ ਮੇਰੇ ਪਿੱਛੇ ਪਏ ਅਤੇ ਇਹ ਰੌਲ਼ਾ ਪਾਉਂਦੇ ਸਨ ਜੋ ਇਹ ਦਾ ਅੱਗੇ ਨੂੰ ਜਿਉਂਦਾ ਰਹਿਣਾ ਹੀ ਯੋਗ ਨਹੀਂ । 25ਪਰ ਮੈਂ ਜਾਣ ਲਿਆ ਜੋ ਉਹ ਨੇ ਕਤਲ ਦੇ ਲਾਇਕ ਕੁੱਝ ਨਹੀਂ ਕੀਤਾ ਅਤੇ ਜਦੋਂ ਉਸ ਨੇ ਆਪ ਪਾਤਸ਼ਾਹ ਦੀ ਦੁਹਾਈ ਦਿੱਤੀ ਤਦ ਮੈਂ ਫੈਸਲਾ ਕੀਤਾ ਜੋ ਉਹ ਨੂੰ ਭੇਜ ਦਿਆਂ । 26ਪਰ ਮੈਨੂੰ ਉਹ ਦੇ ਵਿਖੇ ਕੋਈ ਠੀਕ ਗੱਲ ਨਹੀਂ ਦਿੱਸਦੀ ਜੋ ਆਪਣੇ ਮਾਲਕ ਨੂੰ ਲਿਖਾਂ ਇਸ ਲਈ ਮੈਂ ਉਹ ਨੂੰ ਤੁਹਾਡੇ ਅੱਗੇ ਖ਼ਾਸ ਕਰਕੇ, ਹੇ ਰਾਜਾ ਅਗ੍ਰਿੱਪਾ, ਤੇਰੇ ਅੱਗੇ ਹਾਜ਼ਰ ਕੀਤਾ ਹੈ ਜੋ ਜਾਂਚ-ਪੜਤਾਲ ਤੋਂ ਬਾਅਦ ਮੈਂ ਕੁੱਝ ਲਿਖ ਸਕਾਂ । ਕਿਉਂ ਜੋ ਮੈਨੂੰ ਇਹ ਗੱਲ ਸਿਆਣੀ ਨਹੀਂ ਲੱਗਦੀ ਕਿ ਇੱਕ ਕੈਦੀ ਭੇਜਾਂ ਅਤੇ ਨਾਲ ਹੀ ਨਾ ਦੱਸਾਂ ਜੋ ਕੀ ਦੋਸ਼ ਉਹ ਦੇ ਉੱਤੇ ਲਾਏ ਗਏ ਹਨ । 27
Copyright information for
PanULB