‏ Ezra 6

1ਤਦ ਰਾਜਾ ਦਾਰਾ ਦੀ ਆਗਿਆ ਨਾਲ ਬਾਬਲ ਦੇ ਕਿਤਾਬ ਘਰ ਵਿੱਚ ਜਿੱਥੇ ਖਜ਼ਾਨਾ ਵੀ ਰੱਖਿਆ ਜਾਂਦਾ ਸੀ, ਪੜਤਾਲ ਕੀਤੀ ਗਈ । 2ਮਾਦਈ ਨਾਮਕ ਸੂਬੇ ਦੇ ਅਹਮਥਾ ਨਗਰ ਦੇ ਮਹਿਲ ਵਿੱਚ ਇੱਕ ਪੁਸਤਕ ਮਿਲੀ, ਜਿਸ ਵਿੱਚ ਇਹ ਆਗਿਆ ਲਿਖੀ ਹੋਈ ਸੀ:

3“ਰਾਜਾ ਕੋਰਸ਼ ਦੇ ਪਹਿਲੇ ਸਾਲ ਵਿੱਚ ਉਸੇ ਕੋਰਸ਼ ਰਾਜਾ ਨੇ ਪਰਮੇਸ਼ੁਰ ਦੇ ਭਵਨ ਦੇ ਵਿਖੇ ਜੋ ਯਰੂਸ਼ਲਮ ਵਿੱਚ ਹੈ ਇਹ ਆਗਿਆ ਦਿੱਤੀ, ਕਿ ਉਹ ਭਵਨ ਜਿੱਥੇ ਬਲੀਦਾਨ ਕੀਤੇ ਜਾਂਦੇ ਸਨ, ਬਣਾਇਆ ਜਾਵੇ ਅਤੇ ਉਸ ਦੀਆਂ ਨੀਹਾਂ ਮਜ਼ਬੂਤੀ ਨਾਲ ਪਾਈਆਂ ਜਾਣ । ਉਸ ਦੀ ਉਚਾਈ ਸੱਠ ਹੱਥ ਅਤੇ ਚੌੜਾਈ ਸੱਠ ਹੱਥ ਹੋਵੇ । 4ਉਸ ਵਿੱਚ ਤਿੰਨ ਰਦੇ ਭਾਰੇ ਪੱਥਰਾਂ ਦੇ ਅਤੇ ਇੱਕ ਰਦਾ ਨਵੀਂ ਲੱਕੜ ਦਾ ਹੋਵੇ; ਅਤੇ ਇਸਦਾ ਖ਼ਰਚ ਸ਼ਾਹੀ ਮਹਿਲ ਵਿੱਚੋਂ ਦਿੱਤਾ ਜਾਵੇ । 5ਅਤੇ ਪਰਮੇਸ਼ੁਰ ਦੇ ਭਵਨ ਦੇ ਸੋਨੇ ਤੇ ਚਾਂਦੀ ਦੇ ਭਾਂਡੇ ਵੀ ਜਿਨ੍ਹਾਂ ਨੂੰ ਨਬੂਕਦਨੱਸਰ ਉਸ ਮੰਦਰ ਤੋਂ ਜੋ ਯਰੂਸ਼ਲਮ ਵਿੱਚ ਹੈ ਕੱਢ ਕੇ ਬਾਬਲ ਨੂੰ ਲਿਆਇਆ ਸੀ, ਮੋੜ ਦਿੱਤੇ ਜਾਣ ਅਤੇ ਯਰੂਸ਼ਲਮ ਦੇ ਮੰਦਰ ਵਿੱਚ ਆਪਣੇ-ਆਪਣੇ ਸਥਾਨ ਤੇ ਪਹੁੰਚਾਏ ਜਾਣ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਭਵਨ ਵਿੱਚ ਰੱਖ ਦਿੱਤਾ ਜਾਵੇ ।”

6“ਇਸ ਲਈ ਹੇ ਦਰਿਆ ਪਾਰ ਦੇ ਹਾਕਮ ਤਤਨਈ ! ਹੇ ਸ਼ਥਰ-ਬੋਜ਼ਨਈ ! ਤੁਸੀਂ ਆਪਣੇ ਅਫਰਸਕਾਈ ਸਾਥੀਆਂ ਨਾਲ ਜੋ ਦਰਿਆ ਦੇ ਪਾਰ ਹਨ, ਉੱਥੋਂ ਦੂਰ ਰਹੋ । 7ਪਰਮੇਸ਼ੁਰ ਦੇ ਭਵਨ ਦੇ ਕੰਮ ਵਿੱਚ ਰੁਕਾਵਟ ਨਾ ਪਾਉ । ਯਹੂਦੀਆਂ ਦੇ ਹਾਕਮ ਅਤੇ ਯਹੂਦੀਆਂ ਦੇ ਬਜ਼ੁਰਗਾਂ ਨੂੰ ਪਰਮੇਸ਼ੁਰ ਦਾ ਭਵਨ ਉਸੇ ਦੇ ਥਾਂ ਤੇ ਬਣਾਉਣ ਦਿਓ ।

8ਸਗੋਂ ਮੈਂ ਇਹ ਆਗਿਆ ਦਿੰਦਾ ਹਾਂ ਕਿ ਤੁਹਾਨੂੰ ਯਹੂਦੀਆਂ ਦੇ ਬਜ਼ੁਰਗਾਂ ਨਾਲ ਅਜਿਹਾ ਕਰਨਾ ਹੈ ਕਿ ਜਦ ਪਰਮੇਸ਼ੁਰ ਦਾ ਉਹ ਭਵਨ ਬਣਾਇਆ ਜਾਵੇ ਤਾਂ ਰਾਜਾ ਦੇ ਖ਼ਜ਼ਾਨੇ ਵਿੱਚੋਂ, ਅਰਥਾਤ ਦਰਿਆ ਪਾਰ ਦੇ ਲਗਾਨ ਵਿੱਚੋਂ ਇਹਨਾਂ ਮਨੁੱਖਾਂ ਨੂੰ ਫੁਰਤੀ ਨਾਲ ਖ਼ਰਚ ਦਿੱਤਾ ਜਾਵੇ, ਤਾਂ ਜੋ ਉਨ੍ਹਾਂ ਦੇ ਕੰਮ ਵਿੱਚ ਕੋਈ ਰੁਕਾਵਟ ਨਾ ਪਵੇ । 9ਅਤੇ ਸੁਰਗੀ ਪਰਮੇਸ਼ੁਰ ਦੀਆਂ ਹੋਮਬਲੀਆਂ ਦੇ ਲਈ ਜਿਹੜੀ ਵੀ ਵਸਤੂ ਦੀ ਉਨ੍ਹਾਂ ਨੂੰ ਲੋੜ ਹੋਵੇ ਅਰਥਾਤ ਵਹਿੜੇ, ਭੇਡ, ਲੇਲੇ ਅਤੇ ਜਿੰਨ੍ਹੀ ਵੀ ਕਣਕ, ਲੂਣ, ਦਾਖਰਸ ਅਤੇ ਤੇਲ, ਉਹ ਜਾਜਕ ਜੋ ਯਰੂਸ਼ਲਮ ਵਿੱਚ ਹਨ ਮੰਗਣ, ਉਹ ਰੋਜ਼ ਦੇ ਰੋਜ਼ ਉਨ੍ਹਾਂ ਨੂੰ ਜ਼ਰੂਰ ਦਿੱਤਾ ਜਾਵੇ । 10ਤਾਂ ਜੋ ਉਹ ਸੁਰਗ ਦੇ ਪਰਮੇਸ਼ੁਰ ਦੇ ਸਾਹਮਣੇ ਸੁਗੰਧਾਂ ਵਾਲੀਆਂ ਭੇਟਾਂ ਚੜ੍ਹਾਉਣ ਅਤੇ ਰਾਜਾ ਅਤੇ ਰਾਜਕੁਮਾਰਾਂ ਦੇ ਲੰਮੇ ਜੀਵਨ ਲਈ ਪ੍ਰਾਰਥਨਾ ਕਰਨ ।

11ਮੈਂ ਇਹ ਆਗਿਆ ਵੀ ਦਿੱਤੀ ਹੈ ਕਿ ਜੋ ਕੋਈ ਇਸ ਆਗਿਆ ਨੂੰ ਬਦਲੇ, ਉਸ ਦੇ ਘਰ ਵਿੱਚੋਂ ਹੀ ਇੱਕ ਸ਼ਤੀਰੀ ਕੱਢ ਕੇ ਖੜ੍ਹੀ ਕੀਤੀ ਜਾਵੇ ਅਤੇ ਉਸ ਉੱਤੇ ਉਸਨੂੰ ਸੂਲੀ ਚੜ੍ਹਾਇਆ ਜਾਵੇ ਅਤੇ ਇਸ ਅਪਰਾਧ ਦੇ ਕਾਰਨ ਉਸ ਦੇ ਘਰ ਨੂੰ ਰੂੜੀ ਦਾ ਢੇਰ ਬਣਾ ਦਿੱਤਾ ਜਾਵੇ । 12ਅਤੇ ਉਹ ਪਰਮੇਸ਼ੁਰ ਜਿਸ ਨੇ ਆਪਣਾ ਨਾਮ ਉੱਥੇ ਰੱਖਿਆ ਹੈ, ਉਨ੍ਹਾਂ ਸਾਰੇ ਰਾਜਿਆਂ ਅਤੇ ਪਰਜਾ ਨੂੰ ਨਾਸ਼ ਕਰੇ, ਜਿਹੜੇ ਇਸ ਆਗਿਆ ਨੂੰ ਬਦਲਣ ਅਤੇ ਪਰਮੇਸ਼ੁਰ ਦੇ ਭਵਨ ਨੂੰ ਜੋ ਯਰੂਸ਼ਲਮ ਵਿੱਚ ਹੈ, ਬਰਬਾਦ ਕਰਨ ਲਈ ਆਪਣਾ ਹੱਥ ਵਧਾਉਣ । ਮੈਂ ਦਾਰਾ ਨੇ ਇਹ ਆਗਿਆ ਦਿੱਤੀ ਹੈ, ਛੇਤੀ ਨਾਲ ਅਜਿਹਾ ਹੀ ਕੀਤਾ ਜਾਵੇ ।”

13ਤਦ ਦਰਿਆ ਪਾਰ ਦੇ ਹਾਕਮ ਤਤਨਈ ਤੇ ਸ਼ਥਰ-ਬੋਜ਼ਨਈ ਅਤੇ ਉਨ੍ਹਾਂ ਦੇ ਸਾਥੀਆਂ ਨੇ ਦਾਰਾ ਰਾਜਾ ਦੀ ਭੇਜੀ ਹੋਈ ਆਗਿਆ ਅਨੁਸਾਰ ਫੁਰਤੀ ਨਾਲ ਕੰਮ ਕੀਤਾ । 14ਤਦ ਯਹੂਦੀਆਂ ਦੇ ਬਜ਼ੁਰਗ, ਹਗੱਈ ਨਬੀ ਤੇ ਇੱਦੋ ਦੇ ਪੁੱਤਰ ਜ਼ਕਰਯਾਹ ਦੀ ਭਵਿੱਖਬਾਣੀ ਦੇ ਕਾਰਨ ਮੰਦਰ ਦੀ ਉਸਾਰੀ ਕਰਦੇ ਅਤੇ ਸਫ਼ਲ ਹੁੰਦੇ ਰਹੇ । ਉਨ੍ਹਾਂ ਨੇ ਇਸਰਾਏਲ ਦੇ ਪਰਮੇਸ਼ੁਰ ਦੀ ਆਗਿਆ ਦੇ ਅਨੁਸਾਰ ਅਤੇ ਫ਼ਾਰਸ ਦੇ ਰਾਜਾ ਕੋਰਸ਼, ਦਾਰਾ ਅਤੇ ਅਰਤਹਸ਼ਸ਼ਤਾ ਦੀ ਆਗਿਆ ਅਨੁਸਾਰ ਉਸ ਨੂੰ ਬਣਾ ਕੇ ਪੂਰਾ ਕਰ ਦਿੱਤਾ । 15ਉਹ ਭਵਨ ਰਾਜਾ ਦਾਰਾ ਦੇ ਰਾਜ ਦੇ ਛੇਂਵੇ ਸਾਲ ਵਿੱਚ ਅਦਾਰ ਦੇ ਮਹੀਨੇ ਦੇ ਤੀਜੇ ਦਿਨ ਪੂਰਾ ਹੋ ਗਿਆ ।

16ਤਦ ਇਸਰਾਏਲੀਆਂ ਅਰਥਾਤ ਜਾਜਕ, ਲੇਵੀ ਅਤੇ ਬਾਕੀ ਸਾਰੇ ਲੋਕਾਂ ਨੇ ਜੋ ਗ਼ੁਲਾਮੀ ਤੋਂ ਆਏ ਸਨ, ਅਨੰਦ ਨਾਲ ਪਰਮੇਸ਼ੁਰ ਦੇ ਇਸ ਭਵਨ ਦੇ ਸਮਰਪਣ ਨੂੰ ਤਿਉਹਾਰ ਦੇ ਰੂਪ ਵਿੱਚ ਮਨਾਇਆ । 17ਅਤੇ ਉਨ੍ਹਾਂ ਨੇ ਪਰਮੇਸ਼ੁਰ ਦੇ ਇਸ ਭਵਨ ਦੇ ਸਮਰਪਣ ਸਮੇਂ ਸੌ ਵਹਿੜੇ, ਦੋ ਸੌ ਭੇਡੂ, ਚਾਰ ਸੌ ਲੇਲੇ ਅਤੇ ਸਾਰੇ ਇਸਰਾਏਲ ਦੇ ਪਾਪ ਦੀ ਬਲੀ ਲਈ ਬਾਰਾਂ ਬੱਕਰੇ, ਇਸਰਾਏਲ ਦੇ ਗੋਤਾਂ ਅਨੁਸਾਰ ਚੜ੍ਹਾਏ । 18ਅਤੇ ਜਿਵੇਂ ਮੂਸਾ ਦੀ ਪੋਥੀ ਵਿੱਚ ਲਿਖਿਆ ਹੈ; ਉਹਨਾਂ ਨੇ ਜਾਜਕਾਂ ਨੂੰ ਉਨ੍ਹਾਂ ਦੀ ਵਾਰੀ ਅਨੁਸਾਰ ਅਤੇ ਲੇਵੀਆਂ ਨੂੰ ਉਨ੍ਹਾਂ ਦੇ ਦਲ ਅਨੁਸਾਰ, ਯਰੂਸ਼ਲਮ ਵਿੱਚ ਪਰਮੇਸ਼ੁਰ ਦੀ ਉਪਾਸਨਾ ਲਈ ਨਿਯੁਕਤ ਕੀਤਾ ।

19ਫਿਰ ਪਹਿਲੇ ਮਹੀਨੇ ਦੇ ਚੌਧਵੇਂ ਦਿਨ ਗ਼ੁਲਾਮੀ ਤੋਂ ਮੁੜ ਕੇ ਆਏ ਹੋਏ ਲੋਕਾਂ ਨੇ ਪਸਹ ਮਨਾਇਆ, 20ਕਿਉਂ ਜੋ ਜਾਜਕਾਂ ਅਤੇ ਲੇਵੀਆਂ ਨੇ ਇੱਕ ਮਨ ਹੋ ਕੇ ਆਪਣੇ ਆਪ ਨੂੰ ਪਵਿੱਤਰ ਕੀਤਾ, ਇਸ ਲਈ ਉਹ ਸਾਰੇ ਪਵਿੱਤਰ ਸਨ । ਉਨ੍ਹਾਂ ਨੇ ਗ਼ੁਲਾਮੀ ਤੋਂ ਮੁੜੇ ਹੋਏ ਸਾਰੇ ਲੋਕਾਂ ਅਤੇ ਆਪਣੇ ਜਾਜਕ ਭਰਾਵਾਂ ਦੇ ਲਈ ਅਤੇ ਆਪਣੇ ਲਈ ਪਸਹ ਦੇ ਪਸ਼ੂ ਬਲੀ ਚੜ੍ਹਾਏ ।

21ਤਦ ਉਨ੍ਹਾਂ ਇਸਰਾਏਲੀਆਂ ਨੇ ਜੋ ਗ਼ੁਲਾਮੀ ਤੋਂ ਮੁੜ ਆਏ ਸਨ, ਅਤੇ ਉਸ ਦੇਸ਼ ਦੀਆਂ ਪਰਾਈਆਂ ਕੌਮਾਂ ਦੀਆਂ ਘਿਣਾਉਣੀਆਂ ਰੀਤਾਂ ਤੋਂ ਅਲੱਗ ਹੋ ਗਏ ਸਨ, ਤਾਂ ਜੋ ਪਰਮੇਸ਼ੁਰ ਦੀ ਭਾਲ ਕਰਨ, ਪਸਹ ਖਾਧਾ । ਉਨ੍ਹਾਂ ਨੇ ਅਨੰਦ ਨਾਲ ਸੱਤ ਦਿਨਾਂ ਤੱਕ ਪਤੀਰੀ ਰੋਟੀ ਦਾ ਪਰਬ ਮਨਾਇਆ ਕਿਉਂ ਜੋ ਯਹੋਵਾਹ ਨੇ ਉਹਨਾਂ ਨੂੰ ਅਨੰਦ ਕੀਤਾ ਸੀ ਅਤੇ ਅੱਸੂਰ ਦੇ ਰਾਜਾ ਦਾ ਮਨ ਉਹਨਾਂ ਵੱਲ ਅਜਿਹਾ ਫੇਰਿਆ ਸੀ ਕਿ ਉਹ ਪਰਮੇਸ਼ੁਰ, ਇਸਰਾਏਲ ਦੇ ਪਰਮੇਸ਼ੁਰ ਦਾ ਭਵਨ ਬਣਾਉਣ ਵਿੱਚ ਉਹਨਾਂ ਦੀ ਸਹਾਇਤਾ ਕਰੇ ।

22

Copyright information for PanULB