James 1
1ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੇ ਦਾਸ ਯਾਕੂਬ ਦੇ ਵੱਲੋਂ, ਉਨ੍ਹਾਂ ਬਾਰਾਂ ਗੋਤਾਂ ਨੂੰ ਜਿਹੜੇ ਸੰਸਾਰ ਭਰ ਵਿੱਚ ਖਿੰਡੇ ਹੋਏ ਹਨ; ਸੁੱਖ ਸ਼ਾਂਤੀ ਹੋਵੇ । 2ਹੇ ਮੇਰੇ ਭਰਾਵੋ, ਜਦੋਂ ਤੁਸੀਂ ਭਾਂਤ-ਭਾਂਤ ਦੇ ਪਰਤਾਵਿਆਂ ਵਿੱਚ ਪਵੋ ਤਾਂ ਇਹ ਨੂੰ ਪੂਰੇ ਅਨੰਦ ਦੀ ਗੱਲ ਸਮਝੋ । 3ਕਿਉਂ ਜੋ ਤੁਸੀਂ ਜਾਣਦੇ ਹੋ ਕਿ ਤੁਹਾਡੇ ਵਿਸ਼ਵਾਸ ਦੀ ਪ੍ਰੀਖਿਆ ਧੀਰਜ ਨੂੰ ਪੈਦਾ ਕਰਦੀ ਹੈ । 4ਅਤੇ ਧੀਰਜ ਨੂੰ ਆਪਣਾ ਕੰਮ ਪੂਰਾ ਕਰ ਲੈਣ ਦੇਵੋ ਤਾਂ ਜੋ ਤੁਸੀਂ ਸਿੱਧ ਅਤੇ ਸੰਪੂਰਨ ਹੋ ਜਾਵੋ ਅਤੇ ਤੁਹਾਨੂੰ ਕਿਸੇ ਗੱਲ ਦਾ ਘਾਟਾ ਨਾ ਹੋਵੇ । 5ਪਰ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ੁਰ ਕੋਲੋਂ ਮੰਗੇ, ਜਿਹੜਾ ਉਹਨਾਂ ਸਾਰਿਆਂ ਨੂੰ ਖੁੱਲ੍ਹੇ ਦਿਲ ਦੇ ਨਾਲ ਬਿਨ੍ਹਾਂ ਉਲਾਂਭੇ ਦੇ ਦਿੰਦਾ ਹੈ ਜਿਹੜੇ ਉਸ ਕੋਲੋਂ ਮੰਗਦੇ ਹਨ, ਤਾਂ ਉਹ ਨੂੰ ਦਿੱਤੀ ਜਾਵੇਗੀ । 6ਪਰ ਵਿਸ਼ਵਾਸ ਨਾਲ ਮੰਗੇ, ਅਤੇ ਕੁੱਝ ਭਰਮ ਨਾ ਕਰੇ, ਕਿਉਂ ਜੋ ਭਰਮ ਕਰਨ ਵਾਲਾ ਸਮੁੰਦਰ ਦੀ ਲਹਿਰ ਵਰਗਾ ਹੈ ਜਿਹੜੀ ਹਵਾ ਦੇ ਨਾਲ ਵਗਦੀ ਅਤੇ ਉੱਛਲਦੀ ਹੈ । 7ਅਜਿਹਾ ਮਨੁੱਖ ਇਹ ਨਾ ਸਮਝੇ ਕਿ ਪ੍ਰਭੂ ਦੇ ਕੋਲੋਂ ਮੈਨੂੰ ਕੁੱਝ ਮਿਲੇਗਾ । 8ਉਹ ਦੁਚਿੱਤਾ ਮਨੁੱਖ ਹੈ ਅਤੇ ਆਪਣੀਆਂ ਸਾਰੀਆਂ ਗੱਲਾਂ ਵਿੱਚ ਚੰਚਲ ਹੈ । 9ਪਰ ਉਹ ਭਰਾ ਜਿਹੜਾ ਦੀਨ ਹੈ, ਆਪਣੀ ਉੱਚੀ ਪਦਵੀ ਉੱਤੇ ਅਭਮਾਨ ਕਰੇ, 10ਇਸ ਲਈ ਧਨਵਾਨ ਆਪਣੀ ਨੀਵੀਂ ਪਦਵੀ ਉੱਤੇ ਅਭਮਾਨ ਕਰੇ ਇਸ ਲਈ ਜੋ ਉਹ ਘਾਹ ਦੇ ਫੁੱਲ ਵਾਂਗੂੰ ਜਾਂਦਾ ਰਹੇਗਾ । 11ਕਿਉਂ ਜੋ ਸੂਰਜ ਚੜ੍ਹਦਿਆਂ ਹੀ ਤੇਜ ਧੁੱਪ ਪੈਂਦੀ ਹੈ ਅਤੇ ਘਾਹ ਨੂੰ ਸੁਕਾ ਦਿੰਦੀ ਹੈ ਅਤੇ ਉਹ ਦਾ ਫੁੱਲ ਵੀ ਝੜ ਜਾਂਦਾ ਹੈ ਅਤੇ ਉਹ ਦੇ ਰੂਪ ਦੀ ਸੁੰਦਰਤਾ ਨਸ਼ਟ ਹੋ ਜਾਂਦੀ । ਇਸੇ ਤਰ੍ਹਾਂ ਧਨਵਾਨ ਵੀ ਆਪਣੀਆਂ ਚਾਲਾਂ ਵਿੱਚ ਕੁਮਲਾ ਜਾਵੇਗਾ । 12ਧੰਨ ਹੈ ਉਹ ਮਨੁੱਖ ਜਿਹੜਾ ਪਰਤਾਵੇ ਨੂੰ ਸਹਿ ਲੈਂਦਾ ਹੈ, ਕਿਉਂਕਿ ਜੇ ਉਹ ਖਰਾ ਨਿੱਕਲਿਆ ਤਾਂ ਉਹ ਨੂੰ ਜੀਵਨ ਦਾ ਉਹ ਮੁਕਟ ਪ੍ਰਾਪਤ ਹੋਵੇਗਾ ਜਿਸ ਦਾ ਪ੍ਰਭੂ ਨੇ ਆਪਣੇ ਪਿਆਰ ਕਰਨ ਵਾਲਿਆਂ ਨਾਲ ਵਾਇਦਾ ਕੀਤਾ ਹੈ । 13ਜਦੋਂ ਕੋਈ ਮਨੁੱਖ ਪਰਤਾਇਆ ਜਾਵੇ ਤਾਂ ਉਹ ਇਹ ਨਾ ਆਖੇ ਕਿ ਮੈਂ ਪਰਮੇਸ਼ੁਰ ਦੇ ਵੱਲੋਂ ਪਰਤਾਇਆ ਜਾਂਦਾ ਹਾਂ, ਕਿਉਂ ਜੋ ਪਰਮੇਸ਼ੁਰ ਬੁਰੀਆਂ ਗੱਲਾਂ ਨਾਲ ਪਰਤਾਇਆ ਨਹੀਂ ਜਾਂਦਾ ਅਤੇ ਨਾ ਹੀ ਉਹ ਆਪ ਕਿਸੇ ਨੂੰ ਬੁਰੀਆਂ ਗੱਲਾਂ ਨਾਲ ਪਰਤਾਉਂਦਾ ਹੈ । 14ਪਰ ਹਰ ਇੱਕ ਮਨੁੱਖ ਆਪਣੀਆਂ ਹੀ ਕਾਮਨਾਵਾਂ ਵਿੱਚ ਫਸ ਕੇ ਪਰਤਾਵੇ ਵਿੱਚ ਪੈਂਦਾ ਹੈ । 15ਫੇਰ ਕਾਮਨਾ ਗਰਭਵਤੀ ਹੋ ਕੇ ਪਾਪ ਨੂੰ ਜਨਮ ਦਿੰਦੀ ਹੈ, ਅਤੇ ਪਾਪ ਜਦੋਂ ਵੱਧ ਜਾਂਦਾ ਹੈ ਤਾਂ ਉਹ ਮੌਤ ਨੂੰ ਜਨਮ ਦਿੰਦਾ ਹੈ । 16ਹੇ ਮੇਰੇ ਪਿਆਰੇ ਭਰਾਵੋ, ਧੋਖਾ ਨਾ ਖਾਓ । 17ਕਿਉਂਕਿ ਹਰ ਇੱਕ ਚੰਗਾ ਦਾਨ ਅਤੇ ਹਰ ਇੱਕ ਸੰਪੂਰਨ ਵਰਦਾਨ ਉਤਾਹਾਂ ਤੋਂ ਹੀ ਹੈ ਅਤੇ ਜੋਤਾਂ ਦੇ ਪਿਤਾ ਵੱਲੋਂ ਮਿਲਦਾ ਹੈ, ਜਿਹ ਦੇ ਵਿੱਚ ਨਾ ਤਾਂ ਕੋਈ ਬਦਲਾਵ ਹੋ ਸਕਦਾ ਹੈ, ਅਤੇ ਨਾ ਅਦਲ-ਬਦਲ ਦੇ ਕਾਰਨ ਪਰਛਾਵਾਂ ਪੈਂਦਾ ਹੈ । 18ਉਸ ਨੇ ਆਪਣੀ ਹੀ ਮਰਜ਼ੀ ਨਾਲ ਸਾਨੂੰ ਸਚਿਆਈ ਦੇ ਬਚਨ ਨਾਲ ਜਨਮ ਦਿੱਤਾ ਤਾਂ ਜੋ ਅਸੀਂ ਉਹ ਦੀਆਂ ਰਚਨਾਂ ਵਿੱਚੋਂ ਪਹਿਲੇ ਫਲ ਜਿਹੇ ਹੋਈਏ । 19ਹੇ ਮੇਰੇ ਪਿਆਰੇ ਭਰਾਵੋ, ਇਹ ਗੱਲ ਤੁਸੀਂ ਜਾਣ ਲਵੋ ਕਿ ਹਰੇਕ ਮਨੁੱਖ ਸੁਣਨ ਵਿੱਚ ਤੇਜ ਅਤੇ ਬੋਲਣ ਵਿੱਚ ਧੀਮਾ ਅਤੇ ਕ੍ਰੋਧ ਵਿੱਚ ਵੀ ਧੀਮਾ ਹੋਵੇ । 20ਕਿਉਂ ਜੋ ਮਨੁੱਖ ਦਾ ਕ੍ਰੋਧ ਪਰਮੇਸ਼ੁਰ ਦੀ ਧਾਰਮਿਕਤਾ ਦਾ ਕੰਮ ਨਹੀਂ ਕਰਦਾ । 21ਇਸ ਲਈ ਤੁਸੀਂ ਹਰ ਪ੍ਰਕਾਰ ਦੇ ਗੰਦ-ਮੰਦ ਅਤੇ ਵੈਰ-ਵਿਰੋਧ ਨੂੰ ਦੂਰ ਕਰ ਕੇ, ਉਸ ਬੀਜੇ ਹੋਏ ਬਚਨ ਨੂੰ ਜਿਹੜਾ ਤੁਹਾਡੀਆਂ ਜਾਨਾਂ ਨੂੰ ਬਚਾ ਸਕਦਾ ਹੈ ਨਮਰਤਾ ਨਾਲ ਕਬੂਲ ਕਰ ਲਵੋ । 22ਪਰ ਬਚਨ ਉੱਤੇ ਅਮਲ ਕਰਨ ਵਾਲੇ ਬਣੋ ਅਤੇ ਆਪਣੇ ਆਪ ਨੂੰ ਧੋਖਾ ਦੇ ਕੇ ਕੇਵਲ ਸੁਣਨ ਵਾਲੇ ਹੀ ਨਾ ਹੋਵੋ । 23ਕਿਉਂਕਿ ਜੇ ਕੋਈ ਬਚਨ ਦਾ ਸੁਣਨ ਵਾਲਾ ਹੀ ਹੋਵੇ ਅਤੇ ਉਸ ਉੱਤੇ ਅਮਲ ਕਰਨ ਵਾਲਾ ਨਾ ਹੋਵੇ, ਤਾਂ ਉਹ ਉਸ ਮਨੁੱਖ ਵਰਗਾ ਹੈ ਜਿਹੜਾ ਆਪਣੇ ਅਸਲੀ ਸਰੂਪ ਨੂੰ ਸ਼ੀਸ਼ੇ ਵਿੱਚ ਵੇਖਦਾ ਹੈ । 24ਅਤੇ ਆਪਣੇ ਆਪ ਨੂੰ ਵੇਖ ਕੇ ਚਲਿਆ ਜਾਂਦਾ ਹੈ ਅਤੇ ਉਸੇ ਵੇਲੇ ਭੁੱਲ ਜਾਂਦਾ ਹੈ ਕਿ ਮੈਂ ਕਿਹੋ ਜਿਹਾ ਸੀ । 25ਪਰ ਜਿਹੜਾ ਇਨਸਾਨ ਅਜ਼ਾਦੀ ਦੀ ਸੰਪੂਰਨ ਬਿਵਸਥਾ ਉੱਤੇ ਗ਼ੌਰ ਨਾਲ ਧਿਆਨ ਕਰਦਾ ਰਹਿੰਦਾ ਹੈ, ਉਹ ਆਪਣੇ ਕੰਮ ਵਿੱਚ ਇਸ ਲਈ ਧੰਨ ਹੋਵੇਗਾ ਕਿ ਸੁਣ ਕੇ ਭੁੱਲਦਾ ਨਹੀਂ ਸਗੋਂ ਅਮਲ ਕਰਦਾ ਹੈ । 26ਜੇ ਕੋਈ ਆਪਣੇ ਆਪ ਨੂੰ ਭਗਤੀ ਕਰਨ ਵਾਲਾ ਸਮਝੇ ਅਤੇ ਆਪਣੀ ਜੀਭ ਨੂੰ ਲਗਾਮ ਨਾ ਦੇਵੇ ਸਗੋਂ ਆਪਣੇ ਹੀ ਦਿਲ ਨੂੰ ਧੋਖਾ ਦੇਵੇ ਤਾਂ ਉਸ ਮਨੁੱਖ ਦੀ ਭਗਤੀ ਵਿਅਰਥ ਹੈ । ਸਾਡੇ ਪਰਮੇਸ਼ੁਰ ਅਤੇ ਪਿਤਾ ਦੇ ਅੱਗੇ ਸ਼ੁੱਧ ਅਤੇ ਨਿਰਮਲ ਭਗਤੀ ਇਹ ਹੈ ਕਿ ਅਨਾਥਾਂ ਅਤੇ ਵਿਧਵਾਂ ਦੀ ਉਨ੍ਹਾਂ ਦੀਆਂ ਕਸ਼ਟਾਂ ਦੇ ਵੇਲੇ ਸੁੱਧ ਲੈਣੀ ਅਤੇ ਆਪਣੇ ਆਪ ਨੂੰ ਸੰਸਾਰ ਤੋਂ ਬੇਦਾਗ ਰੱਖਣਾ । 27
Copyright information for
PanULB