‏ Job 41

1ਕੀ ਤੂੰ ਮਗਰਮੱਛ ਨੂੰ ਕੁੰਡੀ ਨਾਲ ਬਾਹਰ ਖਿੱਚ ਸਕਦਾ ਹੈਂ, ਜਾਂ ਡੋਰੀ ਨਾਲ ਉਹ ਦੀ ਜੀਭ ਨੂੰ ਦਬਾ ਸਕਦਾ ਹੈਂ ? 2ਕੀ ਤੂੰ ਉਹ ਦੇ ਨੱਕ ਵਿੱਚ ਰੱਸਾ ਪਾ ਸਕਦਾ ਹੈਂ, ਜਾਂ ਉਹ ਦੇ ਜਬਾੜੇ ਨੂੰ ਮੇਖ ਨਾਲ ਵਿੰਨ੍ਹ ਸਕਦਾ ਹੈਂ ? 3ਕੀ ਉਹ ਤੇਰੇ ਅੱਗੇ ਬਹੁਤੀਆਂ ਮਿੰਨਤਾਂ ਕਰੇਗਾ, ਜਾਂ ਉਹ ਤੇਰੇ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰੇਗਾ ?

4ਕੀ ਉਹ ਤੇਰੇ ਨਾਲ ਨੇਮ ਬੰਨ੍ਹੇਗਾ, ਤਾਂ ਜੋ ਤੂੰ ਉਹ ਨੂੰ ਸਦਾ ਤੱਕ ਆਪਣਾ ਗੁਲਾਮ ਰੱਖੇਂ ? 5ਕੀ ਤੂੰ ਉਹ ਦੇ ਨਾਲ ਉਸ ਤਰ੍ਹਾਂ ਖੇਡੇਂਗਾ ਜਿਵੇਂ ਪੰਛੀ ਨਾਲ, ਜਾਂ ਆਪਣੀਆਂ ਕੁੜੀਆਂ ਦਾ ਜੀ ਬਹਿਲਾਉਣ ਲਈ ਉਹ ਨੂੰ ਬੰਨ੍ਹ ਕੇ ਰੱਖੇਂਗਾ ? 6ਕੀ ਮਾਛੀ ਉਹ ਦਾ ਸੌਦਾ ਕਰਨਗੇ, ਕੀ ਉਹ ਵਪਾਰੀਆਂ ਵਿੱਚ ਉਹ ਨੂੰ ਵੰਡਣਗੇ ?

7ਕੀ ਤੂੰ ਉਹ ਦੀ ਖੱਲ ਨੂੰ ਬਰਛਿਆਂ ਨਾਲ ਵਿੰਨ੍ਹ ਸਕਦਾ ਹੈਂ, ਜਾਂ ਉਹ ਦੇ ਸਿਰ ਨੂੰ ਮਾਛੀਆਂ ਦੇ ਤ੍ਰਿਸੂਲਾਂ ਨਾਲ ? 8ਜੇਕਰ ਤੂੰ ਆਪਣਾ ਹੱਥ ਉਸ ਦੇ ਉੱਤੇ ਧਰੇਂ ਤਾਂ ਤੂੰ ਉਸ ਲੜਾਈ ਨੂੰ ਹਮੇਸ਼ਾ ਯਾਦ ਰੱਖੇਂਗਾ,- ਤੂੰ ਫੇਰ ਕਦੇ ਅਜਿਹਾ ਨਾ ਕਰੇਂਗਾ ! 9ਵੇਖ, ਉਸ ਨੂੰ ਫੜ੍ਹਨ ਦੀ ਆਸ ਰੱਖਣੀ ਵਿਅਰਥ ਹੈ, ਉਸ ਨੂੰ ਵੇਖਦਿਆਂ ਹੀ ਜੀਅ ਕੱਚਾ ਪੈ ਜਾਂਦਾ ਹੈ ?

10ਕੋਈ ਐਨੀ ਤੱਤੀ ਤਬੀਅਤ ਦਾ ਨਹੀਂ, ਜੋ ਉਹ ਦੇ ਛੇੜਨ ਦੀ ਹਿੰਮਤ ਕਰੇ, ਫੇਰ ਕੌਣ ਹੈ ਜੋ ਮੇਰੇ ਸਨਮੁੱਖ ਖੜ੍ਹਾ ਰਹਿ ਸਕੇ ? 11ਕਿਸ ਨੇ ਪਹਿਲਾਂ ਮੈਨੂੰ ਕੁਝ ਦਿੱਤਾ ਕਿ ਮੈਨੂੰ ਕੁਝ ਮੋੜਨਾ ਪਵੇ ? ਜੋ ਕੁਝ ਅਕਾਸ਼ ਦੇ ਹੇਠ ਹੈ, ਸੋ ਮੇਰਾ ਹੈ ।

12ਮੈਂ ਉਹ ਦੇ ਅੰਗਾਂ ਦੇ ਵਿਖੇ, ਅਤੇ ਉਹ ਦੇ ਮਹਾਂ-ਬਲ ਤੇ ਉਹ ਦੇ ਢਾਂਚੇ ਦੇ ਸੁਹੱਪਣ ਵਿਖੇ ਚੁੱਪ ਨਾ ਰਹਾਂਗਾ ।

13ਕੌਣ ਉਹ ਦੇ ਉੱਪਰ ਦਾ ਲਿਬਾਸ ਉਤਾਰ ਸਕਦਾ ਹੈ ? ਕੌਣ ਉਹ ਦੇ ਦੋਹਾਂ ਜਬਾੜਿਆਂ ਵਿੱਚ ਆਵੇਗਾ ? 14ਕੌਣ ਉਹ ਦੇ ਮੂੰਹ ਦੇ ਕਵਾੜਾਂ ਨੂੰ ਖੋਲ੍ਹ ਸਕਦਾ ਹੈ ? ਉਹ ਦੇ ਦੰਦਾਂ ਦਾ ਘੇਰਾ ਭਿਆਣਕ ਹੈ ! 15ਉਹ ਦੇ ਛਿਲਕੇ ਦੀਆਂ ਧਾਰੀਆਂ ਉਹ ਦਾ ਘਮੰਡ ਹਨ, ਉਹ ਜਾਣੋ ਘੁੱਟ ਕੇ ਮੋਹਰ ਨਾਲ ਜੋੜਿਆਂ ਗਈਆਂ ਹਨ,

16ਉਹ ਇੱਕ-ਦੂਜੇ ਦੇ ਐਨੇ ਨੇੜੇ ਹਨ ਕਿ ਹਵਾ ਵੀ ਉਹਨਾਂ ਦੇ ਵਿੱਚੋਂ ਦੀ ਨਹੀਂ ਲੰਘ ਸਕਦੀ । 17ਉਹ ਇੱਕ-ਦੂਜੇ ਦੇ ਨਾਲ-ਨਾਲ ਹਨ, ਉਹ ਇਸ ਤਰ੍ਹਾਂ ਜੁੜੀਆਂ ਹੋਈਆਂ ਹਨ ਕਿ ਅਲੱਗ ਨਹੀਂ ਹੋ ਸਕਦੀਆਂ । 18ਉਹ ਦੀਆਂ ਛਿੱਕਾਂ ਤੋਂ ਚਾਨਣ ਚਮਕ ਉੱਠਦਾ ਹੈ, ਉਹ ਦੀਆਂ ਅੱਖਾਂ ਸਵੇਰ ਦੀਆਂ ਪਲਕਾਂ ਜਿਹੀਆਂ ਹਨ !

19ਉਹ ਦੇ ਮੂੰਹੋਂ ਬਲਦੀਆਂ ਹੋਈਆਂ ਮਸ਼ਾਲਾਂ ਨਿੱਕਲਦੀਆਂ ਹਨ, ਅਤੇ ਅੱਗ ਦੀਆਂ ਚਿੰਗਿਆੜੀਆਂ ਉੱਡਦੀਆਂ ਹਨ । 20ਉਹ ਦੀਆਂ ਨਾਸਾਂ ਵਿੱਚੋਂ ਧੂੰਆਂ ਨਿੱਕਲਦਾ ਹੈ, ਜਿਵੇਂ ਉੱਬਲਦੀ ਦੇਗ ਜਾਂ ਧੁਖਦਿਆਂ ਕਾਨਿਆਂ ਤੋਂ ! 21ਉਹ ਦਾ ਸਾਹ ਕੋਲਿਆਂ ਨੂੰ ਸੁਲਗਾ ਦਿੰਦਾ ਹੈ, ਅਤੇ ਉਹ ਦੇ ਮੂੰਹੋਂ ਅੰਗਾਰੇ ਨਿੱਕਲਦੇ ਹਨ !

22ਉਹ ਦੀ ਧੌਣ ਵਿੱਚ ਬਲ ਬਣਿਆ ਰਹਿੰਦਾ ਹੈ, ਅਤੇ ਭੈ ਉਹ ਦੇ ਅੱਗੇ ਨੱਚਦਾ ਹੈ ! 23ਉਹ ਦੇ ਮਾਸ ਦੀਆਂ ਤਹਿਆਂ ਸਟੀਆਂ ਹੋਈਆਂ ਹਨ, ਉਹ ਉਸ ਦੇ ਉੱਤੇ ਜੰਮੀਆਂ ਹੋਈਆਂ ਹਨ, ਉਹ ਹਿੱਲ ਨਹੀਂ ਸਕਦੀਆਂ । 24ਉਹ ਦਾ ਦਿਲ ਪੱਥਰ ਵਾਂਗੂੰ ਪੱਕਾ ਹੈ, ਸਗੋਂ ਚੱਕੀ ਦੇ ਹੇਠਲੇ ਪੁੜ ਵਾਂਗੂੰ ਪੱਕਾ ਹੈ ।

25ਜਦ ਉਹ ਉੱਠਦਾ ਹੈ ਤਾਂ ਬਲਵਾਨ ਵੀ ਡਰ ਜਾਂਦੇ ਹਨ, ਉਹ ਘਬਰਾਹਟ ਨਾਲ ਸੁੱਧ-ਬੁੱਧ ਖੋਹ ਦਿੰਦੇ ਹਨ ! 26ਭਾਵੇਂ ਤਲਵਾਰ ਉਹ ਦੇ ਕੋਲ ਪਹੁੰਚੇ, ਉਸ ਤੋਂ ਕੁਝ ਨਹੀਂ ਬਣਦਾ, ਅਤੇ ਨਾ ਬਰਛੀ ਨਾ ਭਾਲੇ ਨਾ ਤੀਰ ਤੋਂ । 27ਉਹ ਲੋਹੇ ਨੂੰ ਕੱਖ ਵਰਗਾ ਅਤੇ ਪਿੱਤਲ ਨੂੰ ਗਲੀ ਹੋਈ ਲੱਕੜ ਸਮਝਦਾ ਹੈ !

28ਤੀਰ ਉਹ ਨੂੰ ਭਜਾ ਨਹੀਂ ਸਕਦੇ, ਗੁਲੇਲ ਦੇ ਪੱਥਰ ਉਹ ਦੇ ਲਈ ਤਿਣਕੇ ਬਣ ਜਾਂਦੇ ਹਨ । 29ਲਾਠੀਆਂ ਵੀ ਤਿਣਕੇ ਦੇ ਤੁੱਲ ਗਿਣੀਆਂ ਜਾਂਦੀਆਂ ਹਨ, ਸਾਂਗ ਦੇ ਖੜਕਣ ਉੱਤੇ ਉਹ ਹੱਸਦਾ ਹੈ । 30ਉਹ ਦੇ ਹੇਠਲੇ ਹਿੱਸੇ ਤੇਜ਼ ਠੀਕਰਿਆਂ ਵਾਂਗੂੰ ਹਨ, ਉਹ ਜਾਣੋ ਚਿੱਕੜ ਉੱਤੇ ਫਲ੍ਹਾ ਫੇਰਦਾ ਹੈ ।

31ਉਹ ਡੂੰਘੇ ਪਾਣੀਆਂ ਨੂੰ ਦੇਗ ਵਾਂਗੂੰ ਉਛਾਲ ਦਿੰਦਾ ਹੈ, ਉਹ ਸਮੁੰਦਰ ਨੂੰ ਮੱਲ੍ਹਮ ਦੀ ਡੱਬੀ ਵਾਂਗੂੰ ਬਣਾ ਦਿੰਦਾ ਹੈ । 32ਉਹ ਆਪਣੇ ਪਿੱਛੇ ਚਮਕੀਲਾ ਰਾਹ ਛੱਡਦਾ ਹੈ, ਭਈ ਜਾਣੋ ਡੂੰਘਿਆਈ ਉੱਤੇ ਧੌਲੇ ਆਏ ਹੋਏ ਹਨ ।

33ਧਰਤੀ ਉੱਤੇ ਉਹ ਦੇ ਤੁੱਲ ਕੋਈ ਨਹੀਂ, ਉਹ ਬਿਨ੍ਹਾਂ ਖ਼ੌਫ਼ ਦੇ ਸਿਰਜਿਆ ਗਿਆ ! ਉਹ ਹਰੇਕ ਉੱਚੇ ਨੂੰ ਵੇਖਦਾ ਰਹਿੰਦਾ ਹੈ, ਉਹ ਸਾਰੇ ਘਮੰਡੀਆਂ ਉੱਤੇ ਰਾਜਾ ਹੈ ।”

34

Copyright information for PanULB