‏ Nehemiah 8

1ਫਿਰ ਸਾਰੀ ਪਰਜਾ ਇੱਕ ਮਨ ਹੋ ਕੇ ਜਲ-ਫਾਟਕ ਦੇ ਸਾਹਮਣੇ ਚੌਂਕ ਵਿੱਚ ਇੱਕਠੀ ਹੋਈ ਅਤੇ ਉਨ੍ਹਾਂ ਨੇ ਅਜ਼ਰਾ ਸ਼ਾਸਤਰੀ ਨੂੰ ਕਿਹਾ ਕਿ ਮੂਸਾ ਦੀ ਬਿਵਸਥਾ ਦੀ ਪੁਸਤਕ ਨੂੰ ਲੈ ਆ, ਜਿਸਦਾ ਯਹੋਵਾਹ ਨੇ ਇਸਰਾਏਲ ਨੂੰ ਹੁਕਮ ਦਿੱਤਾ ਹੈ । 2ਤਦ ਅਜ਼ਰਾ ਜਾਜਕ ਸੱਤਵੇਂ ਮਹੀਨੇ ਦੀ ਪਹਿਲੀ ਤਾਰੀਖ ਨੂੰ ਸਾਰੀ ਸਭਾ ਦੇ ਸਾਹਮਣੇ ਭਾਵੇਂ ਪੁਰਖ ਭਾਵੇਂ ਇਸਤਰੀਆਂ ਸਗੋਂ ਉਨ੍ਹਾਂ ਸਾਰਿਆਂ ਦੇ ਅੱਗੇ ਜਿਹੜੇ ਸੁਣ ਕੇ ਸਮਝ ਸਕਦੇ ਸਨ, ਬਿਵਸਥਾ ਨੂੰ ਲੈ ਆਇਆ, 3ਅਤੇ ਜਲ ਫਾਟਕ ਦੇ ਅੱਗੇ ਚੌਂਕ ਵਿੱਚ ਪੌਹ ਫੁੱਟਣ ਤੋਂ ਲੈ ਕੇ ਦੁਪਹਿਰ ਤੱਕ ਪੁਰਖਾਂ, ਇਸਤਰੀਆਂ ਅਤੇ ਜੋ ਸਮਝ ਸਕਦੇ ਸਨ, ਉਨ੍ਹਾਂ ਦੇ ਅੱਗੇ ਪੜ੍ਹਦਾ ਰਿਹਾ ਅਤੇ ਸਾਰੀ ਪਰਜਾ ਦੇ ਕੰਨ ਬਿਵਸਥਾ ਦੀ ਪੁਸਤਕ ਵੱਲ ਲੱਗੇ ਰਹੇ ।

4ਤਦ ਅਜ਼ਰਾ ਸ਼ਾਸਤਰੀ ਲੱਕੜੀ ਦੇ ਇੱਕ ਤਖ਼ਤ-ਪੋਸ਼ ਉੱਤੇ ਖੜਾ ਹੋ ਗਿਆ, ਜਿਹੜਾ ਇਸੇ ਕੰਮ ਲਈ ਬਣਾਇਆ ਗਿਆ ਸੀ ਅਤੇ ਉਹ ਦੇ ਕੋਲ ਮੱਤੀਥਯਾਹ, ਸ਼ਮਆ, ਅਨਾਯਾਹ, ਊਰੀਯਾਹ, ਹਿਲਕੀਯਾਹ ਅਤੇ ਮਆਸੇਯਾਹ ਉਸ ਦੇ ਸੱਜੇ ਪਾਸੇ ਖੜ੍ਹੇ ਸਨ ਅਤੇ ਉਸ ਦੇ ਖੱਬੇ ਪਾਸੇ ਪਦਾਯਾਹ, ਮੀਸ਼ਾਏਲ, ਮਲਕੀਯਾਹ, ਹਾਸ਼ੁਮ, ਹਸ਼ਬੱਦਾਨਾਹ, ਜ਼ਕਰਯਾਹ ਅਤੇ ਮਸ਼ੁੱਲਾਮ ਖੜ੍ਹੇ ਸਨ । 5ਤਦ ਅਜ਼ਰਾ ਨੇ ਜੋ ਸਭ ਤੋਂ ਉੱਚੇ ਸਥਾਨ ਤੇ ਖੜ੍ਹਾ ਸੀ, ਸਾਰੀ ਪਰਜਾ ਦੇ ਵੇਖਦਿਆਂ ਪੁਸਤਕ ਨੂੰ ਖੋਲ੍ਹਿਆ, ਅਤੇ ਉਸ ਦੇ ਖੋਲ੍ਹਦਿਆਂ ਸਾਰ ਹੀ ਸਾਰੀ ਪਰਜਾ ਉੱਠ ਕੇ ਖੜੀ ਹੋ ਗਈ ।

6ਤਦ ਅਜ਼ਰਾ ਨੇ ਯਹੋਵਾਹ ਨੂੰ ਜਿਹੜਾ ਮਹਾਨ ਪਰਮੇਸ਼ੁਰ ਹੈ ਮੁਬਾਰਕ ਕਿਹਾ, ਤਾਂ ਸਾਰੀ ਪਰਜਾ ਨੇ ਹੱਥ ਚੁੱਕ ਕੇ ‘’ਆਮੀਨ ਆਮੀਨ” ਕਿਹਾ ਅਤੇ ਯਹੋਵਾਹ ਦੇ ਅੱਗੇ ਧਰਤੀ ਤੱਕ ਸਿਰ ਝੁਕਾ ਕੇ ਮੱਥਾ ਟੇਕਿਆ । 7ਤਦ ਯੇਸ਼ੂਆ, ਬਾਨੀ, ਸੇਰੇਬਯਾਹ, ਯਾਮੀਨ, ਅੱਕੂਬ, ਸ਼ਬਥਈ, ਹੋਦੀਯਾਹ, ਮਅਸੇਯਾਹ, ਕਲੀਟਾ, ਅਜ਼ਰਯਾਹ, ਯੋਜ਼ਾਬਾਦ, ਹਨਾਨ, ਪਲਾਯਾਹ ਅਤੇ ਲੇਵੀਆਂ ਨੇ ਪਰਜਾ ਨੂੰ ਬਿਵਸਥਾ ਸਮਝਾਈ ਅਤੇ ਪਰਜਾ ਆਪਣੇ ਸਥਾਨ ਤੇ ਖੜ੍ਹੀ ਰਹੀ । 8ਉਨ੍ਹਾਂ ਨੇ ਪਰਮੇਸ਼ੁਰ ਦੀ ਬਿਵਸਥਾ ਦੀ ਪੁਸਤਕ ਨੂੰ ਬੜੀ ਸਫ਼ਾਈ ਨਾਲ ਪੜ੍ਹਿਆ ਅਤੇ ਉਸਦੇ ਅਰਥ ਸਮਝਾਏ ਅਤੇ ਲੋਕਾਂ ਨੇ ਪਾਠ ਨੂੰ ਸਮਝ ਲਿਆ ।

9ਤਦ ਨਹਮਯਾਹ ਨੇ ਜੋ ਹਾਕਮ ਸੀ ਅਤੇ ਅਜ਼ਰਾ ਜੋ ਜਾਜਕ ਅਤੇ ਸ਼ਾਸਤਰੀ ਸੀ ਅਤੇ ਲੇਵੀ ਜੋ ਲੋਕਾਂ ਨੂੰ ਸਿਖਾ ਰਹੇ ਹਨ, ਉਨ੍ਹਾਂ ਨੇ ਸਾਰੀ ਪਰਜਾ ਨੂੰ ਕਿਹਾ, “ਅੱਜ ਦਾ ਦਿਨ ਤੁਹਾਡੇ ਪਰਮੇਸ਼ੁਰ ਯਹੋਵਾਹ ਲਈ ਪਵਿੱਤਰ ਹੈ; ਇਸ ਲਈ ਨਾ ਸੋਗ ਕਰੋ ਅਤੇ ਨਾ ਰੋਵੋ ।” ਕਿਉਂ ਜੋ ਸਾਰੀ ਪਰਜਾ ਬਿਵਸਥਾ ਦੇ ਬਚਨ ਸੁਣ ਕੇ ਰੋਂਦੀ ਸੀ । 10ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਜਾਓ, ਚਿਕਨਾ ਭੋਜਨ ਖਾਓ ਅਤੇ ਮਿੱਠਾ ਰਸ ਪੀਓ, ਅਤੇ ਜਿਨ੍ਹਾਂ ਦੇ ਲਈ ਕੁਝ ਤਿਆਰ ਨਹੀਂ ਹੋਇਆ ਉਨ੍ਹਾਂ ਲਈ ਵੀ ਭੋਜਨ ਵਸਤੂਆਂ ਭੇਜੋ, ਕਿਉਂ ਜੋ ਅੱਜ ਦਾ ਦਿਨ ਸਾਡੇ ਪ੍ਰਭੂ ਲਈ ਪਵਿੱਤਰ ਹੈ ਅਤੇ ਤੁਸੀਂ ਉਦਾਸ ਨਾ ਰਹੋ ਕਿਉਂਕਿ ਯਹੋਵਾਹ ਦਾ ਅਨੰਦ ਤੁਹਾਡਾ ਬਲ ਹੈ ।”

11ਤਦ ਲੇਵੀਆਂ ਨੇ ਸਾਰੀ ਪਰਜਾ ਨੂੰ ਇਹ ਕਹਿ ਕੇ ਸ਼ਾਂਤ ਕੀਤਾ, “ਚੁੱਪ ਰਹੋ ਕਿਉਂ ਜੋ ਅੱਜ ਦਾ ਦਿਨ ਪਵਿੱਤਰ ਹੈ, ਅਤੇ ਉਦਾਸ ਨਾ ਹੋਵੋ ।” 12ਤਦ ਸਾਰੀ ਪਰਜਾ ਖਾਣ-ਪੀਣ ਅਤੇ ਇੱਕ ਦੂਜੇ ਨੂੰ ਭੋਜਨ ਵਸਤੂਆਂ ਭੇਜਣ ਅਤੇ ਵੱਡਾ ਅਨੰਦ ਕਰਨ ਲਈ ਚਲੀ ਗਈ, ਕਿਉਂਕਿ ਜੋ ਬਚਨ ਉਨ੍ਹਾਂ ਨੂੰ ਸਮਝਾਏ ਗਏ ਸਨ, ਉਨ੍ਹਾਂ ਨੇ ਉਹ ਸਮਝ ਲਏ ਸਨ ।

13ਦੂਜੇ ਦਿਨ ਵੀ ਸਾਰੀ ਪਰਜਾ ਦੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਏ ਅਤੇ ਜਾਜਕ ਅਤੇ ਲੇਵੀ ਅਜ਼ਰਾ ਸ਼ਾਸਤਰੀ ਕੋਲ ਇੱਕਠੇ ਹੋਏ ਤਾਂ ਜੋ ਬਿਵਸਥਾ ਦੀਆਂ ਗੱਲਾਂ ਵੱਲ ਧਿਆਨ ਦੇਣ । 14ਉਨ੍ਹਾਂ ਨੂੰ ਬਿਵਸਥਾ ਵਿੱਚ ਇਹ ਲਿਖਿਆ ਹੋਇਆ ਮਿਲਿਆ ਕਿ ਯਹੋਵਾਹ ਨੇ ਮੂਸਾ ਦੇ ਰਾਹੀਂ ਇਹ ਹੁਕਮ ਦਿੱਤਾ ਸੀ ਕਿ ਇਸਰਾਏਲੀ ਸੱਤਵੇਂ ਮਹੀਨੇ ਦੇ ਪਰਬ ਲਈ ਡੇਰਿਆਂ ਵਿੱਚ ਰਿਹਾ ਕਰਨ 15ਅਤੇ ਆਪਣੇ ਸਾਰੇ ਸ਼ਹਿਰਾਂ ਅਤੇ ਯਰੂਸ਼ਲਮ ਵਿੱਚ ਇਹ ਸੁਣਾਇਆ ਜਾਵੇ ਅਤੇ ਇਹ ਮੁਨਾਦੀ ਕਰਵਾਈ ਜਾਵੇ ਕਿ ਪਹਾੜ ਉੱਤੇ ਜਾ ਕੇ ਜ਼ੈਤੂਨ ਦੀਆਂ ਟਹਿਣੀਆਂ, ਤੇਲ ਬਿਰਛ ਦੀਆਂ ਟਾਹਣੀਆਂ, ਮਹਿੰਦੀ ਦੀਆਂ ਟਹਿਣੀਆਂ, ਖਜੂਰ ਦੀਆਂ ਟਹਿਣੀਆਂ ਅਤੇ ਸੰਘਣੇ ਬਿਰਛਾਂ ਦੀਆਂ ਟਹਿਣੀਆਂ ਡੇਰੇ ਬਣਾਉਣ ਲਈ ਲਿਆਉਣ, ਜਿਵੇਂ ਕਿ ਲਿਖਿਆ ਹੈ ।

16ਤਦ ਲੋਕ ਬਾਹਰ ਗਏ ਅਤੇ ਟਹਿਣੀਆਂ ਨੂੰ ਲਿਆਏ ਅਤੇ ਆਪਣੇ-ਆਪਣੇ ਘਰ ਦੀ ਛੱਤ ਉੱਤੇ, ਆਪਣੇ ਵਿਹੜਿਆਂ ਵਿੱਚ ਅਤੇ ਪਰਮੇਸ਼ੁਰ ਦੇ ਭਵਨ ਦੇ ਵਿਹੜੇ ਵਿੱਚ ਅਤੇ ਜਲ-ਫਾਟਕ ਦੇ ਚੌਂਕ ਵਿੱਚ ਅਤੇ ਅਫ਼ਰਾਈਮੀ ਫਾਟਕ ਦੇ ਚੌਂਕ ਵਿੱਚ ਆਪਣੇ ਲਈ ਡੇਰੇ ਬਣਾਏ । 17ਸਾਰੀ ਸਭਾ ਨੇ ਜਿਹੜੀ ਗ਼ੁਲਾਮੀ ਵਿੱਚੋਂ ਮੁੜ ਆਈ ਸੀ, ਡੇਰੇ ਬਣਾਏ ਅਤੇ ਉਨ੍ਹਾਂ ਵਿੱਚ ਰਹੇ ਕਿਉਂ ਜੋ ਨੂਨ ਦੇ ਪੁੱਤਰ ਯੇਸ਼ੂਆ ਦੇ ਦਿਨਾਂ ਤੋਂ ਲੈ ਕੇ ਉਸ ਦਿਨ ਤੱਕ ਇਸਰੇਲੀਆਂ ਨੇ ਅਜਿਹਾ ਨਹੀਂ ਕੀਤਾ ਸੀ । ਉਸ ਸਮੇਂ ਬਹੁਤ ਵੱਡਾ ਅਨੰਦ ਹੋਇਆ ।

ਫਿਰ ਪਹਿਲੇ ਦਿਨ ਤੋਂ ਲੈ ਕੇ ਆਖਰੀ ਦਿਨ ਤੱਕ ਅਜ਼ਰਾ ਨੇ ਪਰਮੇਸ਼ੁਰ ਦੀ ਬਿਵਸਥਾ ਦੀ ਪੁਸਤਕ ਵਿੱਚੋਂ ਹਰ ਰੋਜ਼ ਪੜ੍ਹਿਆ ਅਤੇ ਉਨ੍ਹਾਂ ਨੇ ਸੱਤ ਦਿਨਾਂ ਤੱਕ ਪਰਬ ਮਨਾਇਆ ਅਤੇ ਅੱਠਵੇਂ ਦਿਨ ਨਿਯਮ ਦੇ ਅਨੁਸਾਰ ਮਹਾਸਭਾ ਹੋਈ ।

18

Copyright information for PanULB