Titus 1
1ਪੌਲੁਸ, ਜੋ ਪਰਮੇਸ਼ੁਰ ਦਾ ਦਾਸ ਅਤੇ ਪਰਮੇਸ਼ੁਰ ਦੇ ਚੁਣਿਆਂ ਹੋਇਆਂ ਦੇ ਵਿਸ਼ਵਾਸ ਅਤੇ ਸੱਚੇ ਗਿਆਨ ਦੁਆਰਾ ਜੋ ਭਗਤੀ ਦੇ ਅਨੁਸਾਰ ਹੈ, ਸਥਾਪਤ ਕਰਨ ਲਈ ਯਿਸੂ ਮਸੀਹ ਦਾ ਰਸੂਲ ਹਾਂ । 2ਉਸ ਸਦੀਪਕ ਜੀਵਨ ਦੀ ਆਸ ਉੱਤੇ ਜਿਸ ਦਾ ਪਰਮੇਸ਼ੁਰ ਨੇ ਪੁਰਾਣੇ ਸਮਿਆਂ ਤੋਂ ਵਾਇਦਾ ਕੀਤਾ ਸੀ, ਉਹ ਕਦੇ ਝੂਠ ਨਹੀਂ ਬੋਲ ਸਕਦਾ । 3ਪਰ ਸਮੇਂ ਸਿਰ ਆਪਣੇ ਬਚਨ ਨੂੰ ਉਸ ਪਰਚਾਰ ਦੇ ਰਾਹੀਂ ਪਰਗਟ ਕੀਤਾ, ਜਿਹੜਾ ਸਾਡੇ ਮੁਕਤੀਦਾਤਾ ਪਰਮੇਸ਼ੁਰ ਦੀ ਆਗਿਆ ਅਨੁਸਾਰ ਮੈਨੂੰ ਸੌਂਪਿਆ ਗਿਆ । 4ਅੱਗੇ ਤੋਂ ਤੀਤੁਸ ਨੂੰ, ਜਿਹੜਾ ਵਿਸ਼ਵਾਸ ਵਿੱਚ ਮੇਰਾ ਸੱਚਾ ਬੱਚਾ ਹੈ, ਪਿਤਾ ਪਰਮੇਸ਼ੁਰ ਅਤੇ ਸਾਡੇ ਮੁਕਤੀਦਾਤਾ ਮਸੀਹ ਯਿਸੂ ਦੀ ਵੱਲੋਂ ਤੈਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ । 5ਮੈਂ ਤੈਨੂੰ ਇਸ ਕਰਕੇ ਕਰੇਤ ਵਿੱਚ ਛੱਡ ਆਇਆ ਸੀ, ਕਿਉਂ ਜੋ ਜਿਹੜੀਆਂ ਗੱਲਾਂ ਰਹਿ ਗਈਆਂ ਸਨ ਤੂੰ ਉਹਨਾਂ ਵਿੱਚ ਸੁਧਾਰ ਲਿਆਵੇ ਅਤੇ ਹਰੇਕ ਨਗਰ ਉੱਤੇ ਬਜ਼ੁਰਗਾਂ ਨੂੰ ਜਿੰਮੇਵਾਰੀ ਦੇਵੇ ਜਿਵੇਂ ਮੈਂ ਤੈਨੂੰ ਆਗਿਆ ਦਿੱਤੀ ਸੀ । 6ਜੋ ਨਿਰਦੋਸ਼ ਅਤੇ ਇੱਕੋ ਪਤਨੀ ਦਾ ਪਤੀ ਹੋਵੇ, ਜਿਸ ਦੇ ਬੱਚੇ ਵਿਸ਼ਵਾਸੀ ਹੋਣ ਅਤੇ ਉਨ੍ਹਾਂ ਦੇ ਉੱਪਰ ਬਦਚਲਣੀ ਦਾ ਕੋਈ ਦੋਸ਼ ਨਾ ਹੋਵੇ ਅਤੇ ਨਾ ਉਹ ਢੀਠ ਹੋਣ । 7ਕਿਉਂਕਿ ਚਾਹੀਦਾ ਹੈ ਜੋ ਕਲੀਸਿਯਾ ਦਾ ਨਿਗਾਹਬਾਨ ਪਰਮੇਸ਼ੁਰ ਦਾ ਭੰਡਾਰੀ ਹੋਣ ਦੇ ਕਰਕੇ, ਨਿਰਦੋਸ਼ ਹੋਵੇ, ਨਾ ਮਨ ਮਰਜ਼ੀ ਕਰਨ ਵਾਲਾ, ਨਾ ਕ੍ਰੋਧੀ, ਨਾ ਸ਼ਰਾਬੀ, ਨਾ ਝਗੜਾਲੂ, ਨਾ ਝੂਠੇ ਲਾਭ ਦਾ ਲਾਲਚੀ ਹੋਵੇ । 8ਸਗੋਂ ਪਰਾਹੁਣਚਾਰੀ, ਨੇਕੀ ਦਾ ਪਿਆਰ, ਸਮਝ ਵਾਲਾ, ਧਰਮੀ, ਪਵਿੱਤਰ, ਪਰਹੇਜ਼ਗਾਰ ਹੋਵੇ । 9ਅਤੇ ਵਿਸ਼ਵਾਸਯੋਗ ਬਚਨ ਨੂੰ ਜਿਹੜਾ ਇਸ ਸਿੱਖਿਆ ਦੇ ਅਨੁਸਾਰ ਹੈ ਫੜੀ ਰੱਖੇ ਭਈ ਉਹ ਖ਼ਰੀ ਸਿੱਖਿਆ ਨਾਲ ਉਪਦੇਸ਼ ਕਰੇ ਅਤੇ ਵਿਵਾਦ ਕਰਨ ਵਾਲਿਆਂ ਨੂੰ ਚੁੱਪ ਕਰਾ ਸਕੇ । 10ਖ਼ਾਸ ਕਰਕੇ ਜਿਹੜੇ ਸੁੰਨਤੀ ਹਨ ਉਹ ਬਾਹਲੇ ਢੀਠ, ਫਾਲਤੂ ਦੀਆਂ ਗੱਲਾਂ ਕਰਨ ਵਾਲੇ ਅਤੇ ਧੋਖਾ ਦੇਣ ਵਾਲੇ ਹਨ । 11ਜਿਨ੍ਹਾਂ ਦਾ ਮੂੰਹ ਬੰਦ ਕਰਨਾ ਚਾਹੀਦਾ ਹੈ । ਉਹ ਝੂਠੇ ਲਾਭ ਦੇ ਲਈ ਅਜਿਹੀ ਸਿੱਖਿਆ ਦੇ ਕੇ ਘਰਾਂ ਦੇ ਘਰ ਉਜਾੜ ਦਿੰਦੇ ਹਨ । 12ਕਿਸੇ ਨੇ ਉਨ੍ਹਾਂ ਵਿੱਚੋਂ ਜਿਹੜਾ ਉਨ੍ਹਾਂ ਦਾ ਹੀ ਨਬੀ ਸੀ, ਆਖਿਆ ਕਿ ਕਰੇਤੀ ਸਦਾ ਝੂਠ ਬੋਲਣ ਵਾਲੇ, ਬੁਰੇ ਦਰਿੰਦੇ ਅਤੇ ਆਲਸੀ ਪੇਟੂ ਹਨ । 13ਇਹ ਗਵਾਹੀ ਸੱਚੀ ਹੈ, ਇਸ ਲਈ ਤੂੰ ਉਹਨਾਂ ਦੀ ਸਖਤੀ ਨਾਲ ਤਾੜਨਾ ਕਰ ਤਾਂ ਜੋ ਉਹ ਵਿਸ਼ਵਾਸ ਵਿੱਚ ਮਜ਼ਬੂਤ ਹੋਣ । 14ਅਤੇ ਯਹੂਦੀਆਂ ਦੀਆਂ ਖਿਆਲੀ ਕਹਾਣੀਆਂ ਵੱਲ ਅਤੇ ਅਜਿਹੇ ਮਨੁੱਖਾਂ ਦੇ ਹੁਕਮਾਂ ਵੱਲ ਜਿਹੜੇ ਸਚਿਆਈ ਤੋਂ ਫਿਰ ਜਾਂਦੇ ਹਨ, ਮਨ ਨਾ ਲਾਉਣ । 15ਜੋ ਮਨ ਦੇ ਸਾਫ਼ ਹਨ ਉਹਨਾਂ ਲਈ ਸੱਭੋ ਕੁੱਝ ਸੁੱਚਾ ਹੈ, ਪਰ ਜੋ ਮਨ ਦੇ ਸਾਫ਼ ਨਹੀਂ ਅਤੇ ਅਵਿਸ਼ਵਾਸੀਆਂ ਲਈ ਕੁੱਝ ਵੀ ਸੁੱਚਾ ਨਹੀਂ ਸਗੋਂ ਉਨ੍ਹਾਂ ਦੀ ਬੁੱਧ ਅਤੇ ਮਨ ਅਸ਼ੁੱਧ ਹੋ ਚੁੱਕੇ ਹਨ । ਉਹ ਆਖਦੇ ਹਨ ਜੋ ਅਸੀਂ ਪਰਮੇਸ਼ੁਰ ਨੂੰ ਜਾਣਦੇ ਹਾਂ, ਪਰ ਆਪਣੇ ਕੰਮਾਂ ਦੇ ਰਾਹੀਂ ਉਹ ਦਾ ਇਨਕਾਰ ਕਰਦੇ ਹਨ ਕਿਉਂ ਜੋ ਉਹ ਬੁਰੇ, ਅਣ-ਆਗਿਆਕਾਰ ਹਨ, ਅਤੇ ਭਲੇ ਕੰਮ ਦੇ ਲਈ ਲਾਇਕ ਨਹੀਂ ਹਨ । 16
Copyright information for
PanULB